ਆਸਟ੍ਰੇਲੀਆ ਹੈਲੀਕਾਪਟਰ ਹਾਦਸਾ: ਮ੍ਰਿਤਕਾਂ ਦੀ ਪਛਾਣ ਜਾਰੀ, ਪੀ.ਐੱਮ. ਅਲਬਾਨੀਜ਼ ਨੇ ਪ੍ਰਗਟਾਇਆ ਦੁੱਖ
Tuesday, Jan 03, 2023 - 01:34 PM (IST)
ਮੈਲਬੌਰਨ (ਏਪੀ): ਆਸਟ੍ਰੇਲੀਆ ਵਿੱਚ ਸੋਮਵਾਰ ਨੂੰ ਦੋ ਹੈਲੀਕਾਪਟਰਾਂ ਦੇ ਬੀਚ ’ਤੇ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹਨਾਂ ਮ੍ਰਿਤਕ ਚਾਰ ਲੋਕਾਂ ਦੀ ਪਛਾਣ ਜਾਰੀ ਕੀਤੀ ਗਈ ਹੈ। ਇਹਨਾਂ ਦੀ ਪਛਾਣ ਇੱਕ ਪਾਇਲਟ, ਦੋ ਬ੍ਰਿਟਿਸ਼ ਨਾਗਰਿਕ ਅਤੇ ਇੱਕ ਸਿਡਨੀ ਮਹਿਲਾ ਵਜੋਂ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਹੈਲੀਕਾਪਟਰ 'ਸੀ ਵਰਲਡ ਹੈਲੀਕਾਪਟਰ' ਦੁਆਰਾ ਸੰਚਾਲਿਤ ਸਨ। ਟੱਕਰ ਤੋਂ ਬਾਅਦ ਜਹਾਜ਼ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੇ ਬਾਵਜੂਦ ਦੂਜੇ ਹੈਲੀਕਾਪਟਰ ਦਾ ਪਾਇਲਟ ਰੇਤੀਲੇ ਕੰਢੇ 'ਤੇ ਉਤਰਨ 'ਚ ਕਾਮਯਾਬ ਰਿਹਾ। ਇਹ ਘਟਨਾ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਮੇਨ ਬੀਚ ਦੇ ਕੋਲ ਵਾਪਰੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਹਾਦਸੇ ਵਿਚ ਮਰਨ ਵਾਲਿਆਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ''ਆਸਟ੍ਰੇਲੀਆ ਗੋਲਡ ਕੋਸਟ 'ਤੇ ਦਰਦਨਾਕ ਹੈਲੀਕਾਪਟਰ ਹਾਦਸੇ ਦੀ ਖ਼ਬਰ ਤੋਂ ਸਦਮੇ 'ਚ ਹਾਂ।
ਹਾਦਸੇ ਦੀ ਜਾਂਚ ਕਰ ਰਹੇ ਆਸਟ੍ਰੇਲੀਆ ਦੇ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ ਕਿ ''ਹੈਲੀਕਾਪਟਰ ਦੇ ਖੱਬੇ ਪਾਸੇ 'ਤੇ ਪਾਇਲਟ ਦੇ ਹਿੱਸੇ ਨੂੰ ਨੁਕਸਾਨ ਪਹੁੰਚਿਆ।ਹਾਲਾਂਕਿ ਇੱਕ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਮਾਲ ਦੀ ਹੈ।ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪਾਇਲਟ ਐਸ਼ਲੇ ਜੈਨਕਿਨਸਨ 2019 ਤੋਂ ‘ਸੀ ਵਰਲਡ ਹੈਲੀਕਾਪਟਰ’ ਵਿੱਚ ਮੁੱਖ ਪਾਇਲਟ ਵਜੋਂ ਕੰਮ ਕਰ ਰਹੇ ਸਨ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਨਿਊ ਸਾਊਥ ਵੇਲਜ਼ ਦੇ ਕਸਬੇ ਬਲਿਨਾ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਰਾਹਤ ਕਾਰਜਾਂ ਵਿੱਚ ਕਾਫੀ ਮਦਦ ਕੀਤੀ ਸੀ। ਗੋਲਡ ਕੋਸਟ ਬੁਲੇਟਿਨ ਦੇ ਅਨੁਸਾਰ 40 ਸਾਲਾ ਜੇਨਕਿਨਸਨ ਪਿਛਲੇ ਸਤੰਬਰ ਵਿੱਚ ਹੀ ਪਿਤਾ ਬਣੇ ਸਨ। ਉਸਦਾ ਹੈਲੀਕਾਪਟਰ 20 ਸਕਿੰਟਾਂ ਤੋਂ ਵੀ ਘੱਟ ਸਮੇਂ ਲਈ ਹਵਾ ਵਿੱਚ ਰਿਹਾ ਅਤੇ ਲੈਂਡਿੰਗ ਕਰ ਰਹੇ ਇੱਕ ਹੋਰ ਹੈਲੀਕਾਪਟਰ ਨਾਲ ਟਕਰਾ ਗਿਆ।
ਮਿਸ਼ੇਲ ਨੇ ਕਿਹਾ ਕਿ ਇੱਕ ਜਹਾਜ਼ ਦਾ ਮੁੱਖ ਰੋਟਰ ਬਲੇਡ ਡਿੱਗ ਰਹੇ ਹੈਲੀਕਾਪਟਰ ਦੇ ਅੱਗੇ ਵਾਲੇ ਕਾਕਪਿਟ ਨਾਲ ਟਕਰਾ ਗਿਆ। ਉਸ ਨੇ ਅੱਗੇ ਕਿਹਾ ਕਿ ਇਸਦੇ ਬਾਅਦ ਮੁੱਖ ਰੋਟਰ ਨੂੰ ਘੇਰ ਲਿਆ ਗਿਆ ਅਤੇ ਗੀਅਰਬਾਕਸ ਹੈਲੀਕਾਪਟਰ ਤੋਂ ਵੱਖ ਹੋ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਸਾਰੇ ਜ਼ਮੀਨ 'ਤੇ ਡਿੱਗ ਗਏ। ਮਿਸ਼ੇਲ ਨੇ ਕਿਹਾ ਕਿ ਜਾਂਚਕਰਤਾ ਘਟਨਾ ਸਥਾਨ 'ਤੇ ਰਹੇ ਪਰ ਸਮੁੰਦਰ 'ਚ ਉੱਚੀਆਂ ਲਹਿਰਾਂ ਕਾਰਨ ਸਬੂਤ ਇਕੱਠੇ ਕਰਨ 'ਚ ਮੁਸ਼ਕਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਜਾਂਚਕਰਤਾ ਜਾਣਨਾ ਚਾਹੁੰਦੇ ਹਨ ਕਿ ਘਟਨਾ ਦੇ ਸਮੇਂ ਕਾਕਪਿਟ ਵਿੱਚ ਕੀ ਹੋ ਰਿਹਾ ਸੀ। ਵਿਦੇਸ਼ੀ ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਨੇ ਕਿਹਾ ਕਿ ਉਹ ਬ੍ਰਿਟਿਸ਼ ਵਿਅਕਤੀ (65) ਅਤੇ ਔਰਤ (57) ਦੇ ਪਰਿਵਾਰਾਂ ਨਾਲ ਸਹਿਯੋਗ ਕਰ ਰਿਹਾ ਹੈ, ਜਿਨ੍ਹਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਲੋਕ ਆਸਟ੍ਰੇਲੀਆ ਦੇ ਕਵੀਂਸਲੈਂਡ ਸੂਬੇ 'ਚ ਛੁੱਟੀਆਂ ਮਨਾਉਣ ਆਏ ਸਨ।
ਪੜ੍ਹੋ ਇਹ ਅਹਿਮ ਖ਼ਬਰ-'ਬਰਡ ਫਲੂ' ਦਾ ਕਹਿਰ, ਡੈਨਮਾਰਕ 'ਚ ਮਾਰੀਆਂ ਜਾਣਗੀਆਂ 50,000 ਮੁਰਗੀਆਂ
ਹਾਦਸੇ ਵਿਚ ਮਰਨ ਵਾਲੀ ਇਕ ਹੋਰ ਯਾਤਰੀ ਸਿਡਨੀ ਦੇ ਉਪਨਗਰ ਗਲੇਨਮੋਰ ਪਾਰਕ ਦੀ ਰਹਿਣ ਵਾਲੀ 36 ਸਾਲਾ ਔਰਤ ਸੀ। ਇਨ੍ਹਾਂ ਤੋਂ ਇਲਾਵਾ ਇਸ ਹਾਦਸੇ 'ਚ 3 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗਲੇਨਮੋਰ ਪਾਰਕ ਦੇ ਇੱਕ 10 ਸਾਲਾ ਲੜਕੇ ਅਤੇ ਗੀਲੋਂਗ ਦੀ ਇੱਕ 33 ਸਾਲਾ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਵਿਕਟੋਰੀਆ ਦੇ ਇੱਕ ਨੌਂ ਸਾਲਾ ਲੜਕੇ ਦੀ ਹਾਲਤ ਸਥਿਰ ਹੈ। ਹੈਲੀਕਾਪਟਰ 'ਤੇ ਨਿਊਜ਼ੀਲੈਂਡ ਦੇ ਦੋ ਜੋੜੇ 40 ਅਤੇ ਪੱਛਮੀ ਆਸਟ੍ਰੇਲੀਆ ਦੀ 27 ਸਾਲਾ ਔਰਤ ਸਵਾਰ ਸਨ ਜੋ ਸੁਰੱਖਿਅਤ ਉਤਰ ਗਏ। ਇਨ੍ਹਾਂ ਪੰਜ ਯਾਤਰੀਆਂ ਵਿੱਚੋਂ ਤਿੰਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹੀਂ ਦਿਨੀਂ ਲੋਕ ਆਸਟ੍ਰੇਲੀਆ 'ਚ ਛੁੱਟੀਆਂ ਮਨਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।