ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ

Tuesday, Oct 19, 2021 - 06:17 PM (IST)

ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ

ਮੈਲਬੌਰਨ (ਬਿਊਰੋ): ਭਾਰਤੀ ਮੂਲ ਦੀ ਵਿਦਿਆਰਥਣ ਅੰਜਲੀ ਸ਼ਰਮਾ ਅਤੇ ਹੋਰ ਬੱਚਿਆਂ ਵੱਲੋਂ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਫੈਡਰਲ ਕੋਰਟ ਵੱਲੋਂ ਇਤਿਹਾਸਿਕ ਫ਼ੈਸਲਾ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਬੱਚਿਆਂ ਨੂੰ ਭਵਿੱਖ ਵਿਚ ਨਿੱਜੀ ਸੱਟ ਤੋਂ ਬਚਾਉਣਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਸਰਕਾਰ ਦਾ ਫਰਜ਼ ਹੈ।ਇਸ ਫ਼ੈਸਲੇ ਨੂੰ ਦੁਨੀਆ ਭਰ ਦੇ ਬਾਲਗਾਂ ਅਤੇ ਜਲਵਾਯੂ ਕਾਰਕੁਨਾਂ ਨੇ ਮਹੱਤਵਪੂਰਣ ਜਿੱਤ ਮੰਨਿਆ ਹੈ।

ਆਸਟ੍ਰੇਲੀਆਈ ਸਰਕਾਰ ਨੇ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ
ਆਸਟ੍ਰੇਲੀਆ ਦੀ ਸਰਕਾਰ ਅਦਾਲਤ ਦੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। 17 ਸਾਲਾ ਹਾਈ ਸਕੂਲ ਦੀ ਵਿਦਿਆਰਥਣ ਅੰਜਲੀ ਸ਼ਰਮਾ ਅਤੇ 7 ਹੋਰ ਬਾਲਗ ਵਾਤਾਵਰਣ ਪ੍ਰੇਮੀਆਂ ਨੇ ਮਈ ਵਿਚ ਆਸਟ੍ਰੇਲੀਆਈ ਸਰਕਾਰ ਖ਼ਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ। ਅੰਜਲੀ ਸ਼ਰਮਾ ਅਤੇ ਸਮੂਹ ਨੇ ਤਰਕ ਦਿੱਤਾ ਸੀ ਕਿ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਲਗਾਤਾਰ ਨਿਕਾਸੀ ਨਾਲ ਗਲੋਬਲ ਵਾਰਮਿੰਗ ਵਿਚ ਵਾਧਾ ਹੋਵੇਗਾ, ਜਿਸ ਨਾਲ ਜੰਗਲਾਂ ਵਿਚ ਅੱਗ, ਹੜ੍ਹ, ਤੂਫਾਨ ਅਤੇ ਚੱਕਰਵਾਤ ਵਧਣਗੇ। ਇਸ ਕਾਰਨ ਉਹਨਾਂ ਨੂੰ ਅਤੇ ਹੋਰ ਬੱਚਿਆਂ ਨੂੰ ਇਸ ਸਦੀ ਦੇ ਅਖੀਰ ਵਿਚ ਨਿੱਜੀ ਸੱਟ, ਬੀਮਾਰੀ, ਆਰਥਿਕ ਨੁਕਸਾਨ ਅਤੇ ਇੱਥੋਂ ਤੱਕ ਕਿ ਮੌਤ ਦਾ ਖਤਰਾ ਹੋਵੇਗਾ। 

ਇਸ ਦੇ ਨਾਲ ਹੀ ਉਹਨਾਂ ਨੇ ਅਦਾਲਤ ਤੋਂ ਵਾਤਾਵਰਣ ਮੰਤਰੀ ਸੁਸੈਨ ਲੇਅ ਨੂੰ ਉੱਤਰੀ ਨਿਊ ਸਾਊਥ ਵੇਲਜ਼ ਵਿਚ ਵਿਕਰੀ ਕੋਲਾ ਖਾਨ ਦੇ ਖਣਨ ਦੇ ਵਿਸਥਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਰੋਕਣ ਦੀ ਅਪੀਲ ਕੀਤੀ। ਉੱਥੇ ਨਿਆਂਮੂਰਤੀ ਮੋਰਡੇਕਾਈ ਨੇ ਫ਼ੈਸਲੇ ਵਿਚ ਕੋਲਾ ਖਾਨ ਪ੍ਰਾਜੈਕਟ ਦੇ ਵਿਸਥਾਰ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ ਅਤੇ ਜੈਵ ਵਿੰਭਿਨਤਾ ਸੁਰੱਖਿਆ (ਈ.ਪੀ.ਬੀ.ਸੀ.) ਐਕਟ ਦੇ ਤਹਿਤ ਪ੍ਰਾਜੈਕਟ ਨੂੰ ਵਿਸਥਾਰ ਦੇਣ ਵੇਲੇ ਬੱਚਿਆਂ ਨੂੰ ਨਿੱਜੀ ਸੱਟ ਤੋਂ ਬਚਾਉਣਾ ਅਤੇ ਉਹਨਾਂ ਦੀ ਉਚਿਤ ਦੇਖਭਾਲ ਕਰਨਾ ਮੰਤਰੀ ਦਾ ਫਰਜ਼ ਹੈ। 

ਉੱਥੇ ਵਾਤਾਵਰਣ ਮੰਤਰੀ ਸੁਸੈਨ ਲੇਅ ਦੇ ਵਕੀਲਾਂ ਨੇ ਸੋਮਵਾਰ ਨੂੰ ਫੈਡਰਲ ਕੋਰਟ ਨੂੰ ਦੱਸਿਆ ਕਿ ਈ.ਪੀ.ਬੀ.ਸੀ. ਐਕਟ ਦੇ ਤਹਿਤ ਬੱਚਿਆਂ ਦੀ ਦੇਖਭਾਲ ਦਾ ਆਦੇਸ਼ ਸਹੀ ਨਹੀਂ ਹੈ। ਨਿਆਂਮੂਰਤੀ ਨੇ ਗਲਤੀ ਨਾਲ ਐਕਟ ਦੇ ਉਦੇਸ਼ ਦਾ ਵਿਸਥਾਰ ਵਾਤਾਵਰਣ ਦੀ ਰੱਖਿਆਂ ਤੋਂ ਵਧਾ ਕੇ ਵਾਤਾਵਰਣ ਵਿਚ ਰਹਿਣ ਵਾਲੇ ਮਨੁੱਖਾਂ ਦੇ ਹਿੱਤਾਂ ਦੀ ਰੱਖਿਆ ਤੱਕ ਕਰ ਦਿੱਤਾ ਹੈ। ਇਸ ਦੇ ਇਲਾਵਾ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਖਾਨ ਤੋਂ ਵਾਧੂ ਕੋਲੇ ਦੇ ਖਣਨ ਨਾਲ ਗਲੋਬਲ ਤਾਪਾਮਾਨ ਦੇ ਪੂਰਵ-ਉਦਯੋਗਿਕ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵਧਣ ਦਾ ਖਤਰਾ ਵਧੇਗਾ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਅਪਣਾਏ 2 ਹੋਰ ਕੋਵਿਡ ਇਲਾਜ, ਨਿਊਜ਼ੀਲੈਂਡ ਲਈ ਜਲਦ ਸ਼ੁਰੂ ਕਰੇਗਾ ਉਡਾਣਾਂ

ਅੰਜਲੀ ਸ਼ਰਮਾ ਨੇ ਕਹੀ ਇਹ ਗੱਲ
ਉੱਥੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਪੈਦਾ ਹੋਈ 10 ਮਹੀਨੇ ਦੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਪਹੁੰਚੀ ਅੰਜਲੀ ਸ਼ਰਮਾ ਦਾ ਕਹਿੰਦੀ ਹੈ ਕਿ ਉਹ ਮਾਣ ਨਾਲ ਇਸ ਇਤਿਹਾਸਿਕ ਫ਼ੈਸਲੇ ਦਾ ਬਚਾਅ ਕਰੇਗੀ ਕਿਉਂਕਿ ਸਾਰੇ ਆਸਟ੍ਰੇਲੀਆਈ ਬੱਚਿਆਂ ਦੇ ਪ੍ਰਤੀ ਸਰਕਾਰ ਦਾ ਫਰਜ਼ ਹੈ ਕਿ ਉਹ ਮੇਰੀ ਪੀੜ੍ਹੀ ਨੂੰ ਜਲਵਾਯੂ ਤਬਦੀਲੀ ਦੇ ਵੱਧਦੇ ਜੋਖਮਾਂ ਤੋਂ ਬਚਾਉਣ ਲਈ ਲੜੇ। 8 ਨੌਜਵਾਨ ਵਾਤਾਵਰਣ ਪ੍ਰੇਮੀਆਂ ਨੂੰ ਗ੍ਰੇਟਾ ਥਨਬਰਗ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪੂਰੇ ਜਲਵਾਯੂ ਅੰਦਲੋਨ ਲਈ ਇਕ ਵੱਡੀ ਜਿੱਤ ਹੈ। ਭਾਵੇਂਕਿ ਇਸ ਸੰਬੰਧ ਵਿਚ ਜ਼ਰੂਰੀ ਕਾਰਵਾਈ ਦੀ ਹਾਲੇ ਵੀ ਲੋੜ ਹੈ।

ਆਸਟ੍ਰੇਲੀਆ ਦੀ ਹੋ ਰਹੀ ਆਲੋਚਨਾ
ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਅਭਿਲਾਸ਼ੀ ਟੀਚੇ ਨਿਰਧਾਰਤ ਕਰਨ ਵਿਚ ਅਸਫਲ ਰਹਿਣ ਕਾਰਨ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਪਿਛਲੇ ਹਫ਼ਤੇ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਗਲਾਸਗੋ ਵਿਚ ਅਗਲੇ ਮਹੀਨੇ ਦੇ ਜਲਵਾਯੂ ਸੰਮੇਲਨ ਵਿਚ ਹਿੱਸਾ ਲੈਣ 'ਤੇ ਸਹਿਮਤੀ ਜਤਾਈ ਸੀ ਤਾਂ ਉਹਨਾਂ ਦੀ ਸਰਕਾਰ ਦੇ ਸਹਿਯੋਗੀਆਂ ਨੇ ਨੈੱਟ ਜ਼ੀਰੋ ਟੀਚਿਆਂ 'ਤੇ ਵਚਨਬੱਧਤਾ ਦੀ ਮਨਜ਼ੂਰੀ ਨਹੀਂ ਦਿੱਤੀ।

ਨੋਟ- ਜਲਵਾਯੂ ਤਬਦੀਲੀ ਮਾਮਲੇ ਵਿਚ ਆਸਟ੍ਰੇਲੀਆ ਸਰਕਾਰ ਖ਼ਿਲਾਫ਼ ਅੰਜਲੀ ਸ਼ਰਮਾ ਦੀ ਵੱਡੀ ਜਿੱਤ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News