ਸਾਵਧਾਨ : ਆਸਟ੍ਰੇਲੀਆ ਦੇ ਸਰਕਾਰੀ ਵਿਭਾਗ ਵੀ 'ਸਾਈਬਰ ਕ੍ਰਾਈਮ' ਦੀ ਮਾਰ ਹੇਠ

05/13/2019 11:57:11 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਅਜੋਕੇ ਦੌਰ 'ਚ ਸੂਚਨਾ ਤਕਨਾਲੋਜੀ ਦੇ ਵਧਦੇ ਪ੍ਰਭਾਵ ਹੇਠ ਸਾਈਬਰ ਅਪਰਾਧੀ ਵਧੇਰੇ ਤੇਜ਼ ਤਰਾਰ ਹੋ ਗਏ ਹਨ ਤੇ ਉਹ ਸੂਚਨਾ ਤਕਨਾਲੋਜੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਨਲਾਈਨ ਧੋਖਾਦੇਹੀ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਉਹ ਮਿਲੀਅਨਜ਼ ਡਾਲਰਾਂ ਦੇ ਕ੍ਰੈਡਿਟ ਕਾਰਡਾਂ ਦੀ ਠੱਗੀ, ਇਮੀਗ੍ਰੇਸ਼ਨ, ਬਿਜਲੀ ਬਿੱਲ, ਟੈਲੀਫ਼ੋਨ ਅਤੇ ਇੰਟਰਨੈੱਟ ਸਕੀਮ ਦੇ ਨਾਮ 'ਤੇ ਧੋਖਾਦੇਹੀ ਤੋਂ ਬਾਅਦ ਹੁਣ ਪੁਲਸ ਦੇ ਫ਼ੋਨ ਨੰਬਰਾਂ ਦੀ ਦੁਰਵਰਤੋਂ ਕਰਕੇ ਠੱਗੀਆਂ ਮਾਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਟੇਟ ਕ੍ਰਾਈਮ ਕਮਾਂਡ ਦੇ ਵਿੱਤੀ ਅਤੇ ਸਾਈਬਰ ਕ੍ਰਾਈਮ ਵਿਭਾਗ ਨੇ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਤੇ ਸਮਝਦਾਰੀ ਵਰਤਣ ਦੀ ਸਲਾਹ ਦਿੱਤੀ।
 

ਨਕਲੀ ਫੋਨ ਨੰਬਰਾਂ ਦੀ ਵਰਤੋਂ—
ਇਹ ਫ਼ੋਨ ਦਾ ਕਾਲਰ ਆਈ ਡੀ ਸਪੌਫਿੰਗ (ਨਕਲੀ) ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਨੌਸਰਬਾਜਾਂ ਵਲੋਂ ਆਉਣ ਵਾਲੀ ਕਾਲ ਨੂੰ ਇਕ ਵੱਖਰੇ ਨੰਬਰ ਤੋਂ ਸੰਕੇਤ ਕਰਨ ਲਈ ਟੈਲੀਫ਼ੋਨ ਨੈੱਟਵਰਕ ਨੂੰ ਅਣਉਚਿਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਅਪਰਾਧੀ ਸਰਕਾਰੀ ਵਿਭਾਗ ਜਿਵੇਂ ਕਿ ਆਸਟ੍ਰੇਲੀਆਈ ਟੈਕਸ ਆਫਿਸ (ਏ.ਟੀ.ਓ.) ਦੇ ਨਾਮ 'ਤੇ  ਲੋਕਾਂ ਨੂੰ ਫਰਜੀ ਫ਼ੋਨ ਕਾਲ ਕਰਕੇ ਧਮਕਾਇਆ ਜਾਂਦਾ ਹੈ, ਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲ ਵਿਭਾਗ ਦੀ ਫ਼ੀਸ ਜਾਂ ਜੁਰਮਾਨੇ ਦੀ ਬਕਾਇਆ ਰਾਸ਼ੀ ਦੀ ਦੇਣਦਾਰੀ ਪਈ ਹੈ। ਕੁਈਨਜ਼ਲੈਂਡ ਪੁਲਸ ਸਰਵਿਸ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਘੁਟਾਲੇ ਦਾ ਸ਼ਿਕਾਰ ਨਾ ਬਣਨ।

ਇਸ ਘੁਟਾਲੇ ਦਾ ਦੂਜਾ ਫਰਜੀਵਾੜਾ ਪੱਖ ਇਹ ਹੈ ਕਿ ਅਪਰਾਧੀ ਪੀੜਤ ਲੋਕਾਂ ਨੂੰ ਭਰੋਸੇਮੰਦ ਸਰਕਾਰੀ ਵਿਭਾਗ ਦੇ ਫੋਨ ਨੰਬਰ ਦੇ ਰੂਪ ਵਿੱਚ ਦਰਸਾਉਂਦੇ ਫਰਜੀ ਨੰਬਰਾਂ ਤੋਂ ਕਾਲ ਕਰਕੇ ਘੁਟਾਲੇ ਨੂੰ ਕਾਨੂੰਨੀਜਾਮਾ ਦੇਣ ਦੀ ਕੋਸ਼ਿਸ਼ ਕਰਦਿਆਂ ਠੱਗੀ ਮਾਰ ਰਹੇ ਹਨ। ਆਪਣੇ-ਆਪ ਨੂੰ ਪੁਲਸ ਅਫਸਰ ਵਜੋਂ ਪੇਸ਼ ਕਰਦੇ ਹਨ ਤੇ ਭੁਗਤਾਨ ਕਰਨ ਦੀ ਮੰਗ ਕਰਨ ਤੋਂ ਪਹਿਲਾਂ ਉਹ ਪੀੜਤ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਜਾਂਦੀ  ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਫ਼ੋਨ ਕਾਲ ਕਰਕੇ ਕੋਈ ਵੀ ਵਿਅਕਤੀ ਜੋ ਤੁਹਾਨੂੰ ਪੈਸਿਆਂ ਲਈ ਪੁੱਛਦਾ ਹੈ। ਉਸ ਸਮੇਂ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਦਿਆਂ ਆਪਣੀ ਸੁਰੱਖਿਆ ਲਈ ਅਜਿਹੇ ਵਿਅਕਤੀ ਤੋਂ ਸਬੰਧਤ ਵਿਭਾਗ ਬਾਰੇ ਵਧੇਰੇ ਪੁੱਛ-ਗਿੱਛ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਧਾਂਦਲੀਆਂ ਨੂੰ ਠੱਲ ਪਾਈ ਜਾ ਸਕੇ।
 

ਇੰਝ ਕਰ ਸਕਦੇ ਹੋ ਠੱਗਾਂ ਦੀ ਪਛਾਣ—
“ਇਸ ਘੁਟਾਲੇ ਵਿਚ ਸਭ ਤੋਂ ਵੱਡਾ ਨੁਕਤਾ ਇਹ ਹੈ, ਕਿ ਠੱਗ ਤੁਹਾਨੂੰ ਤੋਹਫ਼ੇ ਕਾਰਡਾਂ (ਆਈ ਟੀਊਨਜ਼) ਵਿਚ ਫ਼ੀਸ ਜਾਂ ਜੁਰਮਾਨਾ ਭਰਨ ਲਈ ਕਹਿੰਦੇ ਹਨ। ਇੱਥੇ ਵਰਣਨਯੋਗ ਹੈ ਕਿ ਆਸਟ੍ਰੇਲੀਆਈ ਕਾਨੂੰਨ ਮੁਤਾਬਕ ਕੋਈ ਵੀ ਸਰਕਾਰੀ ਵਿਭਾਗ, ਏਜੰਸੀ, ਕਾਨੂੰਨ ਲਾਗੂ ਕਰਨ ਵਾਲਾ ਜਾਂ ਕੋਈ ਵੀ ਜਾਇਜ਼ ਸੰਗਠਨ ਤੁਹਾਨੂੰ ਤੋਹਫ਼ੇ ਕਾਰਡਾਂ ਵਿੱਚ ਭੁਗਤਾਨ ਕਰਨ ਲਈ ਨਹੀਂ ਕਹਿ ਸਕਦਾ। ਸਰਕਾਰੀ ਵਿਭਾਗ ਹਮੇਸ਼ਾ ਹੀ ਪੱਤਰ-ਵਿਹਾਰ ਜਾਂ ਈ-ਮੇਲ ਕਰਕੇ ਲੋਕਾਂ ਨਾਲ ਸੰਪਰਕ ਕਰਦੇ ਹਨ। ਜੇਕਰ ਇਸ ਤਰ੍ਹਾਂ ਦੀ ਕੋਈ ਵੀ ਫੋਨ ਕਾਲ ਆਉਂਦੀ ਹੈ ਤਾਂ ਧੋਖਾਧੜੀ ਤੋਂ ਬਚਣ ਲਈ ਫੋਨ ਕਰਨ ਵਾਲੇ ਵਿਆਕਤੀ ਤੋਂ ਵਿਭਾਗ, ਬ੍ਰਾਂਚ, ਆਈ. ਡੀ. ਨੰਬਰ ਤੇ ਕੇਸ ਨੰਬਰ ਆਦਿ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰੋ।

ਪੁਲਸ ਨਾਲ ਕਰੋ ਰਾਬਤਾ—
ਪਰ ਸ਼ੱਕੀ ਮਾਮਲੇ ਵਿੱਚ ਕੋਈ ਵੀ ਵਿੱਤੀ ਲੈਣ ਦੇਣ ਕਰਨ ਤੋਂ ਪਹਿਲਾਂ ਹਮੇਸ਼ਾ ਹੀ ਸਬੰਧਿਤ ਵਿਭਾਗ ਜਾਂ ਪੁਲਸ ਨਾਲ ਰਾਬਤਾ ਜ਼ਰੂਰ ਕਾਇਮ ਕਰਨਾ ਚਾਹੀਦਾ ਹੈ, ਤੇ ਡਰ ਜਾਂ ਜਲਦਬਾਜ਼ੀ ਵਿਚ ਆ ਕੇ ਕੋਈ ਵੀ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਜਨਮ ਮਿਤੀ, ਬੈਂਕ ਖਾਤੇ ਜਾ ਬੈਂਕ ਕਾਰਡ ਦੀ ਜਾਣਕਾਰੀ ਨਾ ਦਿੱਤੀ ਜਾਵੇ ਤਾਂ ਜੋ ਨਿੱਤ ਦਿਨ ਠੱਗੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਇਆ ਜਾ ਸਕਦਾ ਹੈ।  

ਵਿੱਤੀ ਅਤੇ ਸਾਈਬਰ ਅਪਰਾਧ ਸਮੂਹ ਦੇ ਡਿਟੈਕਟਿਵ ਸੁਪਰਡੈਂਟ ਟੈਰੀ ਲਾਰੰਸ ਨੇ ਕਿਹਾ ਕਿ ਆਸਟ੍ਰੇਲੀਅਨ ਸਾਈਬਰ ਆਨਲਾਈਨ ਰਿਪੋਟਿੰਗ ਨੈੱਟਵਰਕ (ਏਕੋਰੋਨ) ਦੇ ਅੰਕੜਿਆਂ ਅਨੁਸਾਰ ਉਨ੍ਹਾਂ ਕੋਲ 2019 ਵਿੱਚ ਆਸਟ੍ਰੇਲੀਆਈ ਟੈਕਸ ਆਫਿਸ (ਏ.ਟੀ.ਓ.) ਦੇ ਨਾਮ 'ਤੇ ਘੋਟਾਲੇ ਦੇ 121 ਕੇਸ ਦਰਜ ਕੀਤੇ ਗਏ ਹਨ। ਕੁੱਲ ਮਿਲਾ ਕੇ 173,000  ਡਾਲਰ ਦੀ ਰਕਮ ਬਣਦੀ ਹੈ। ਕੁਈਨਜ਼ਲੈਂਡ ਪੁਲਸ ਵਲੋਂ ਇਸ ਘੁਟਾਲੇ ਅਤੇ ਪੁਲਸ ਦੇ ਨੰਬਰ ਦੀ ਗ਼ੈਰ ਕਾਨੂੰਨੀ ਵਰਤੋਂ ਬਾਰੇ ਜਾਂਚ ਤੇ ਪੁੱਛ-ਗਿੱਛ ਸ਼ੁਰੂ ਕੀਤੀ ਗਈ ਹੈ।


Related News