ਆਸਟ੍ਰੇਲੀਆ ''ਚ ਗਲੋਬਲ ਟੈਲੇਂਟ ਵੀਜ਼ਾ ਤਹਿਤ ਪੀ.ਆਰ. ਜਲਦੀ
Thursday, Nov 05, 2020 - 06:05 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆਈ ਸਰਕਾਰ ਵੱਲੋਂ ਇਸ ਸਾਲ 1 ਜਨਵਰੀ ਤੋਂ 9 ਸਤੰਬਰ 2020 ਦਰਮਿਆਨ ਕੁੱਲ 265 ਪ੍ਰਤਿਭਾਸ਼ਾਲੀ ਭਾਰਤੀ ਨਾਗਰਿਕਾਂ ਨੂੰ ਗਲੋਬਲ ਟੈਲੇਂਟ ਇੰਡੀਪੈਂਡੈਂਟ ਪ੍ਰੋਗਰਾਮ (ਜੀ.ਟੀ.ਆਈ) ਤਹਿਤ ਆਸਟ੍ਰੇਲੀਆ ‘ਚ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗਲੋਬਲ ਟੈਲੇਂਟ ਵੀਜ਼ਾ ਆਸਟ੍ਰੇਲੀਆ ‘ਚ ਸਥਾਈ ਨਿਵਾਸ (ਪਰਮਾਨੈਂਟ ਰੇਸੀਡੈਂਸੀ ਜਾਂ ਪੀ.ਆਰ.) ਲਈ ਤੇਜ਼ ਅਤੇ ਸਫ਼ਲ ਤਰੀਕਾ ਹੈ, ਜਿਸ ਦੀ ਪੂਰੀ ਪ੍ਰਕਿਰਿਆ ਲਈ ਨਿਰਧਾਰਿਤ ਸਮਾਂ ਦੋ ਦਿਨਾਂ ਤੋਂ ਤਿੰਨ ਮਹੀਨਿਆਂ ਤੱਕ ਮਿਥਿਆ ਜਾਂਦਾ ਹੈ।
ਇਸ ਪ੍ਰੋਗਰਾਮ ਤਹਿਤ ਵੀਜ਼ਾ ਪ੍ਰਾਪਤ ਕਰਣ ਵਾਲਿਆਂ ਵਿੱਚ ਵੱਧ ਗਿਣਤੀ ਈਰਾਨੀ ਪ੍ਰਵਾਸੀ, ਦੂਜਾ ਸਥਾਨ ਬੰਗਲਾਦੇਸ਼ੀ ਨਾਗਰਿਕ ਅਤੇ ਭਾਰਤੀਆਂ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਗੌਰਤਲਬ ਹੈ ਕਿ ਇਹ ਵਿਲੱਖਣ ਪ੍ਰਤਿਭਾ ਦਾ ਵੀਜ਼ਾ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦਾ ਹਿੱਸਾ ਹੈ ਜੋ ਨਵੰਬਰ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮੁੱਖ ਉਦੇਸ਼ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਟੈਕਨੌਲੋਜਿਸਟ ਜਿਵੇਂ ਸਪੇਸ, ਸਾਈਬਰ ਸੁਰੱਖਿਆ, ਡਾਟਾ ਵਿਗਿਆਨ, ਊਰਜਾ ਅਤੇ ਖਣਨ ਤਕਨਾਲੋਜੀ ਆਦਿ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਲਈ ਆਕਰਸ਼ਿਤ ਕਰਨਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਨੋਵਾਵੈਕਸ, ਫਾਈਜ਼ਰ ਨਾਲ ਕੋਵਿਡ-19 ਟੀਕੇ ਦੇ ਸੌਦਿਆਂ 'ਤੇ ਕੀਤੇ ਦਸਤਖ਼ਤ
ਇਸ ਸ਼੍ਰੇਣੀ ਅਧੀਨ ਯੋਗ ਹੋਣ ਲਈ ਬਿਨੈਕਾਰਾਂ ਨੂੰ ਹਰ ਸਾਲ 1,53,600 ਡਾਲਰਾਂ ਜਾਂ ਇਸ ਤੋਂ ਵੱਧ ਦੀ ਆਮਦਨੀ ਕਮਾਉਣ ਦੀ ਯੋਗਤਾ ਦਾ ਪ੍ਰਦਰਸ਼ਨ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਉਸੇ ਖ਼ਾਸ ਖੇਤਰ ਵਿੱਚ ਕਿਸੇ ਰਾਸ਼ਟਰੀ ਪ੍ਰਸਿੱਧੀ ਵਾਲੇ ਸਪਾਂਸਰ ਤੋਂ ਨਾਮਜ਼ਦਗੀ ਪ੍ਰਾਪਤ ਕਰਨੀ ਹੁੰਦੀ ਹੈ। ਸੰਘੀ ਸਰਕਾਰ ਨੇ ਜੀ.ਟੀ.ਆਈ ਪ੍ਰੋਗਰਾਮ ਅਧੀਨ ਸਾਲ 2019-20 ਵਿੱਚ ਉਪਲੱਬਧ 5000 ਸਥਾਨਾਂ ਨੂੰ ਵਧਾ ਕੇ ਮੌਜੂਦਾ ਸਾਲ ਵਿੱਚ 15,000 ਕਰ ਦਿੱਤਾ ਹੈ।