ਆਸਟ੍ਰੇਲੀਆ 'ਚ ਜੰਗਲੀ ਅੱਗ ਨੇ ਲਈ ਕਰੋੜਾਂ ਜਾਨਵਰਾਂ ਦੀ ਜਾਨ

01/04/2020 11:44:44 AM

ਬ੍ਰਿਸਬੇਨ, (ਸਤਵਿੰਦਰ ਟੀਨੂੰ)- ਆਸਟ੍ਰੇਲੀਆ ਦੇ ਸੰਘਣੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਉੱਥੇ ਦੇ ਜੰਗਲਾਂ ਵਿੱਚ ਰਹਿ ਰਹੇ ਜਿੱਥੇ ਕਰੋੜਾਂ ਜਾਨਵਰਾਂ ਦੀਆਂ ਜਾਨਾਂ ਚਲੇ ਗਈਆਂ ਹਨ, ਉੱਥੇ ਅੱਗ ਨਾਲ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੰਗਲਾਂ ਨੂੰ ਲੱਗੀ ਅੱਗ ਇੰਨੀ ਭਿਆਨਕ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਤਿੰਨ ਕਰਚਮਾਰੀ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਏ।  

ਆਸਟ੍ਰੇਲੀਆ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਅੱਗ 'ਤੇ ਕਾਬੂ ਪਾਉਣ ਲਈ ਡਟੇ ਹਨ, ਜਿਨ੍ਹਾਂ ਦੀ ਮਦਦ ਲਈ ਕਈ ਸਮਾਜਸੇਵੀ ਵੀ ਅੱਗੇ ਆਏ ਹਨ। ਮੌਕੇ 'ਤੇ ਹਾਜ਼ਰ ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਸਾਊਥ ਆਸਟ੍ਰੇਲੀਆ ਦੇ ਕੇਂਗਰੂ ਆਇਰਲੈਂਡ 'ਚ ਦੋ ਵਿਅਕਤੀਆਂ ਦੀਆਂ ਜਾਨਾਂ ਬਚਾਉਣ ਵਿੱਚ ਉਹ ਅਫਸਫਲ ਰਹੇ, ਜਿਸ ਲਈ ਉਨ੍ਹਾਂ ਮੁਆਫੀ ਵੀ ਮੰਗੀ। ਦੋ ਵਿਅਕਤੀਆਂ ਦੀਆਂ ਲਾਸ਼ਾਂ ਪਲੇਅ ਫੋਰਡ ਹਾਈਵੇਅ ਪਾਰਨਦਾਨਾ ਵਿਖੇ ਮਿਲੀਆਂ ਸਨ । ਖਬਰ ਲਿਖੇ ਜਾਣ ਤੱਕ ਵਿਭਾਗ ਦੇ ਫੌਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਸੀ।
PunjabKesari
ਸਾਊਥ ਆਸਟ੍ਰੇਲੀਅਨ ਦੇ ਪ੍ਰੀਮੀਅਰ ਮਾਨਯੋਗ ਸਟੀਵਨ ਮਾਰਸ਼ਲ ਨੇ ਵੀ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਸੂਬੇ ਦੀ 10 ਹਜ਼ਾਰ ਹੈਕਟੇਅਰ ਏਕੜ 'ਚ ਬਣੀ ਫਿਲੈਡਰਜ ਚੇਜ ਨੈਸ਼ਨਲ ਪਾਰਕ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਟੂਰਿਜ਼ਮ ਵਿਭਾਗ ਨੂੰ ਕਾਫੀ ਹੰਭਲਾ ਮਾਰਨ ਦੀ ਲੋੜ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੁੱਚੇ ਆਸਟ੍ਰੇਲੀਆ ਵਾਸੀਆਂ ਨੂੰ ਇਸ ਔਖੀ ਘੜੀ ਵਿੱਚ ਆਪਸੀ ਤਾਲਮੇਲ ਬਣਾ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਬਣਿਆ ਇਕ ਮੰਦਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਹੈ। 'ਖਾਲਸਾ ਏਡ' ਦੇ ਮੁਖੀ ਸ. ਰਵੀ ਸਿੰਘ ਨੇ ਵੀ ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਸਟ੍ਰੇਲੀਆ 'ਚ ਵੱਸਦੇ ਸਮੁੱਚੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਖਾਲਸਾ ਏਡ ਵਲੋਂ ਪਿਛਲੇ ਦਿਨੀਂ ਅੱਗ ਦੀ ਪਲੇਟ ਵਿੱਚ ਆਏ ਕਿਸਾਨਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਮਦਦ ਦਿੱਤੀ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਮੌਕੇ ਪੰਜਾਬੀ ਭਾਈਚਾਰੇ ਵੱਲੋ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ । 'ਖਾਲਸਾ ਅਸਿਸਟ ਬ੍ਰਿਸਬੇਨ' ਅਤੇ ਬ੍ਰਿਸਬੇਨ ਦੇ ਸਾਰੇ ਗਰੂ ਘਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੀੜਤਾਂ ਲਈ ਪਾਣੀ ਦੇ ਟਰੱਕ ਵੀ ਭੇਜੇ ਗਏ।


Related News