ਆਸਟ੍ਰੇਲੀਆ ''ਚ ਅੱਗ ਦਾ ਕਹਿਰ ਜਾਰੀ, ਸੁਰੱਖਿਅਤ ਸਥਾਨਾਂ ''ਤੇ ਪਹੁੰਚਾਏ ਸੈਂਕੜੇ ਲੋਕ

09/10/2019 7:48:42 PM

ਸਿਡਨੀ— ਪੂਰਬੀ ਆਸਟ੍ਰੇਲੀਆ ਦੇ 2 ਸੂਬਿਆਂ 'ਚ 130 ਤੋਂ ਜ਼ਿਆਦਾ ਸਥਾਨਾਂ 'ਤੇ ਅੱਗ ਦੇ ਚੱਲਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਸੁਰੱਖਿਅਤ ਬਾਹਰ ਕੱਢਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕਵੀਨਸਲੈਂਡ ਦੇ ਇਤਿਹਾਸ 'ਚ ਇਹ ਅੱਗ ਸਭ ਤੋਂ ਵੱਡੀ ਘਟਨਾ ਹੈ।

ਮੰਗਲਵਾਰ ਨੂੰ ਇਸ ਦੇ ਗੁਆਂਢੀ ਸੂਬੇ ਨਿਊ ਸਾਊਥ ਵੇਲਸ ਦੇ ਨੇੜੇ ਕਰੀਬ 1 ਲੱਖ ਹੈਕਟੇਅਰ 'ਚ ਕਰੀਬ 58 ਸਥਾਨਾਂ 'ਤੇ ਅੱਗ ਲੱਗੀ ਪਾਈ ਗਈ। ਇਸ ਦੇ ਚੱਲਦੇ ਕਰੀਬ 1 ਦਰਜਨ ਮਕਾਨ ਨਸ਼ਟ ਹੋ ਗਏ। ਹਾਲਾਂਕਿ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਸਾਹਸ ਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸੋਮਵਾਰ ਰਾਤਭਰ 300 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਕਰਮਚਾਰੀ ਕਵੀਨਸਲੈਂਡ ਦੇ ਸਨਸ਼ਾਈਨ ਕੋਸਟ 'ਤੇ ਅੱਗ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਪੇਰੇਗਿਅਨ ਬੀਚ ਦੇ ਰਿਹਾਇਸ਼ੀ ਇਲਾਕਿਆਂ 'ਤੇ ਵੀ ਅੱਗ ਦਾ ਖਤਰਾ ਹੈ ਤੇ ਹੁਣ ਤੱਕ ਇਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਕਵੀਨਸਲੈਂਡ ਦੀ ਕਾਰਜਕਾਰੀ ਮੁਖੀ ਜੈਕੀ ਟ੍ਰੇਡ ਨੇ ਦੱਸਿਆ ਕਿ ਬੀਤੀ ਰਾਤ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਜੈਕੀ ਸਣੇ ਹੋਰ ਰਾਜਨੇਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਚਾਅ ਦੇ ਲਈ ਆਪਣੇ ਘਰਾਂ 'ਚੋਂ ਨਿਕਲਣ ਦੇ ਹੁਕਮਾਂ ਦਾ ਪਾਲਣ ਕਰਨ। ਸਮੁੰਦਰੀ ਕਿਨਾਰਿਆਂ 'ਤੇ ਲੱਗੀ ਅੱਗ ਦੇ ਕਾਰਨ 400 ਤੋਂ ਵਧੇਰੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਇਸ ਹਫਤੇ ਦੀ ਸ਼ੁਰੂਆਤ 'ਚ ਜੈਕੀ ਟ੍ਰੇਡ ਨੇ ਇਸ ਦੇ ਲਈ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਜ਼ਿੰਮੇਦਾਰ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਵਧਦੇ ਤਾਪਮਾਨ ਨੇ ਜੰਗਲੀ ਇਲਾਕਿਆਂ 'ਚ ਅੱਗ ਦਾ ਜੋਖਿਮ ਪੈਦਾ ਕਰ ਦਿੱਤਾ ਹੈ।


Baljit Singh

Content Editor

Related News