ਫੇਸਬੁੱਕ ਦੀ ਵੱਡੀ ਕਾਰਵਾਈ, ਆਸਟ੍ਰੇਲੀਆ ''ਚ ਬੈਨ ਕੀਤੀਆਂ ਖ਼ਬਰਾਂ

Thursday, Feb 18, 2021 - 06:01 PM (IST)

ਫੇਸਬੁੱਕ ਦੀ ਵੱਡੀ ਕਾਰਵਾਈ, ਆਸਟ੍ਰੇਲੀਆ ''ਚ ਬੈਨ ਕੀਤੀਆਂ ਖ਼ਬਰਾਂ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਵਿਚ ਖ਼ਬਰਾਂ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਦੇ ਖ਼ਬਰਾਂ ਪੋਸਟ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਫੇਸਬੁਕ ਦੇ ਇਸ ਬੈਨ ਦੀ ਚਪੇਟ ਵਿਚ ਮੌਸਮ, ਰਾਜ ਸਿਹਤ ਵਿਭਾਗ ਅਤੇ ਪੱਛਮੀ ਆਸਟ੍ਰੇਲੀਆਈ ਵਿਰੋਧੀ ਨੇਤਾ ਆ ਗਏ ਹਨ। ਇਹੀ ਨਹੀਂ ਫੇਸਬੁੱਕ ਨੇ ਆਸਟ੍ਰੇਲੀਆ ਵਿਚ ਆਪਣਾ ਪੇਜ ਵੀ ਬਲਾਕ ਕਰ ਦਿੱਤਾ ਹੈ। ਫੇਸਬੁੱਕ ਨੇ ਇਸ ਬੈਨ ਕਾਰਨ ਐਮਰਜੈਂਸੀ ਸੇਵਾਵਾਂ 'ਤੇ ਬੁਰਾ ਅਸਰ ਪਿਆ ਹੈ।

ਇਸ ਲਈ ਲਿਆ ਗਿਆ ਫ਼ੈਸਲਾ
ਅਮਰੀਕੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆਈ ਪ੍ਰਕਾਸ਼ਕ ਫੇਸਬੁੱਕ 'ਤੇ ਸਮਾਚਾਰ ਸਮੱਗਰੀ ਪ੍ਰਕਾਸ਼ਿਤ ਕਰ ਸਕਦੇ ਹਨ ਪਰ ਉਹਨਾਂ ਦੇ 'ਲਿੰਕ' ਅਤੇ 'ਪੋਸਟ' ਆਸਟ੍ਰੇਲੀਆ ਦੇ ਲੋਕ ਨਾ ਤਾਂ ਦੇਖ ਪਾਉਣਗੇ ਅਤੇ ਨਾ ਹੀ ਉਸ ਨੂੰ ਸ਼ੇਅਰ ਕਰ ਪਾਉਣਗੇ। ਬਿਆਨ ਮੁਤਾਬਕ, ਆਸਟ੍ਰੇਲੀਆਈ ਖਪਤਕਾਰ ਆਸਟ੍ਰੇਲੀਆ ਦੀਆਂ ਜਾਂ ਅੰਤਰਰਾਸ਼ਟਰੀ ਖ਼ਬਰਾਂ ਵੀ ਸ਼ੇਅਰ ਨਹੀਂ ਕਰ ਪਾਉਣਗੇ। ਉੱਥੇ ਆਸਟ੍ਰੇਲੀਆ ਦੇ ਬਾਹਰ ਦੇ ਲੋਕ ਵੀ ਆਸਟ੍ਰੇਲੀਆ ਦੀ ਕੋਈ ਖ਼ਬਰ ਸ਼ੇਅਰ ਨਹੀਂ ਕਰ ਪਾਉਣਗੇ। ਫੇਸਬੁੱਕ ਦੇ ਖੇਤਰੀ ਪ੍ਰਬੰਧ ਨਿਰਦੇਸ਼ਕ ਵਿਲੀਅਮ ਈਸਟਨ ਨੇ ਕਿਹਾ,''ਪ੍ਰਸਤਾਵਿਤ ਕਾਨੂੰਨ ਨੇ ਮੂਲ ਰੂਪ ਨਾਲ ਸਾਡੇ ਮੰਚ ਅਤੇ ਪ੍ਰਕਾਸ਼ਕਾਂ ਵਿਚ ਸੰਬੰਧ ਨੂੰ ਸਮਝਣ ਵਿਚ ਗਲਤੀ ਕੀਤੀ ਹੈ ਜੋ ਇਸ ਦੀ ਵਰਤੋਂ ਖ਼ਬਰਾਂ ਨੂੰ ਸਾਂਝਾ ਕਰਨ ਲਈ ਕਰਦੇ ਹਨ।'' 

ਉਹਨਾਂ ਨੇ ਕਿਹਾ ਕਿ ਇਸ ਨੇ ਸਾਡੇ ਸਾਹਮਣੇ ਸਖ਼ਤ ਵਿਕਲਪ ਹੀ ਛੱਡਿਆ ਜਾਂ ਤਾਂ ਉਸ ਕਾਨੂੰਨ ਦੀ ਪਾਲਣਾ ਕਰੀਏ ਜੋ ਇਸ ਸੰਬੰਧ ਦੀ ਵਾਸਤਵਿਕਤਾ ਨੂੰ ਨਜ਼ਰ ਅੰਦਾਜ਼ ਕਰਦਾ ਹੈ ਜਾਂ ਆਸਟ੍ਰੇਲੀਆ ਵਿਚ ਆਪਣੀਆਂ ਸੇਵਾਵਾਂ ਵਿਚ ਸਮਾਚਾਰ ਸਮੱਗਰੀ ਨਾ ਦਿਖਾਈਏ। ਅਸੀਂ ਭਾਰੀ ਮਨ ਨਾਲ ਦੂਜਾ ਵਿਕਲਪ ਚੁਣ ਰਹੇ ਹਾਂ।ਇਸ ਬਿੱਲ ਨੂੰ ਤਿਆਰ ਕਰਨ ਵਿਚ ਭੂਮਿਕਾ ਨਿਭਾਉਣ ਵਾਲੇ ਮੰਤਰੀਆਂ ਵਿਚੋਂ ਇਕ ਜੋਸ਼ ਫ੍ਰਾਇਡੇਨਬਰਗ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਆਸਟ੍ਰੇਲੀਆਈ ਮੀਡੀਆ ਕੰਪਨੀ ਨਾਲ ਫੇਸਬੁੱਕ ਅਤੇ ਗੂਗਲ ਦੇ ਮਹੱਤਵਪੂਰਨ ਕਾਰੋਬਾਰੀ ਸਮਝੌਤੇ ਦੇ ਕਰੀਬ ਪਹੁੰਚ ਗਏ ਹਨ।

ਆਸਟ੍ਰੇਲੀਆਈ ਮੰਤਰੀਆਂ ਨੇ ਪਿਛਲੇ ਹਫ਼ਤੇ ਦੇ ਅਖੀਰ ਵਿਚ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਅਤੇ ਅਲਫਾਬੈਟ ਇੰਕ ਅਤੇ ਇਸ ਦੀ ਕੰਪਨੀ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨਾਲ ਚਰਚਾ ਕੀਤੀ ਸੀ। ਫ੍ਰਾਇਡੇਨਬਰਗ ਨੇ ਕਿਹਾ ਸੀ ਕਿ ਉਹ ਇਸ ਗੱਲ ਨਾਲ ਸੰਤੁਸ਼ਟ ਹਨ ਕਿ ਦੋਵੇਂ ਧਿਰਾਂ ਕਾਰੋਬਾਰੀ ਸਮਝੌਤੇ ਕਰਨਾ ਚਾਹੁੰਦੀਆਂ ਹਨ। ਫ੍ਰਾਇਡੇਨਬਰਗ ਨੇ ਕਿਹਾ ਕਿ ਫੇਸਬੁੱਕ ਦੇ ਆਸਟ੍ਰੇਲੀਆਈ ਖ਼ਬਰਾਂ 'ਤੇ ਰੋਕ ਲਗਾਉਣ ਮਗਰੋਂ ਉਹਨਾਂ ਦੀ ਜ਼ੁਕਰਬਰਗ ਨਾਲ ਸਕਰਾਤਮਕ ਗੱਲਬਾਤ ਹੋਈ ਹੈ। ਆਸਟ੍ਰੇਲੀਆ ਦੀ ਕੰਜ਼ਰਵੇਟਿਵ ਸਰਕਾਰ ਸੰਸਦ ਦਾ ਮੌਜੂਦਾ ਸੈਸ਼ਨ 25 ਫਰਵਰੀ ਨੂੰ ਸੰਪੰਨ ਹੋਣ ਤੋਂ ਪਹਿਲਾਂ 'ਨਿਊਜ਼ ਮੀਡੀਆ ਬਾਰਗੇਨਿੰਗ ਕੋਡ' (ਸਮਾਚਾਰ ਮੀਡੀਆ ਸੌਦੇਬਾਜ਼ੀ ਕੋਡ) ਨੂੰ ਲਾਗੂ ਕਰਨ ਦੀ ਆਸ ਕਰ ਰਹੀ ਹੈ।

ਫੇਸਬੁੱਕ ਦੀ ਸਖ਼ਤ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਨੇ ਵੀਰਵਾਰ ਸਵੇਰ ਤੋਂ ਆਸਟ੍ਰੇਲੀਆਈ ਨਿਊਜ਼ ਵੈਬਸਾਈਟਾਂ ਦੀਆਂ ਖ਼ਬਰਾਂ ਨੂੰ ਪੋਸਟ ਕਰਨ ਤੋਂ ਰੋਕ ਦਿੱਤਾ ਹੈ। ਇਹੀ ਨਹੀਂ ਫੇਸਬੁਕ ਨੇ ਆਸਟ੍ਰੇਲੀਆਈ ਯੂਜ਼ਰਾਂ ਨੂੰ ਦੇਸੀ ਜਾਂ ਵਿਦੇਸ਼ੀ ਕਿਸੇ ਵੀ ਨਿਊਜ਼ ਵੈਬਸਾਈਟ ਦੀ ਖ਼ਬਰ ਨੂੰ ਖੋਲ੍ਹਣ 'ਤੇ ਰੋਕ ਲਗਾ ਦਿੱਤੀ।ਫੇਸਬੁੱਕ ਨੇ ਇਸ ਬੈਨ 'ਤੇ ਕਿਹਾ ਹੈ ਕਿ ਉਹ ਸੈਨੇਟ ਵਿਚ ਆਏ ਕਾਨੂੰਨ ਦੇ ਵਿਰੋਧ ਵਿਚ ਇਹ ਰੋਕ ਲਗਾ ਰਿਹਾ ਹੈ। ਇਸ ਕਾਨੂੰਨ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਅਤੇ ਗੂਗਲ ਨਿਊਜ਼ ਕੰਪਨੀਆਂ ਨੂੰ ਪੈਸੇ ਦਾ ਭੁਗਤਾਨ ਕਰਨ ਲਈ ਗੱਲ ਕਰੇਗੀ।

ਸਰਕਾਰੀ ਏਜੰਸੀਆਂ ਪ੍ਰਭਾਵਿਤ
ਫੇਸਬੁੱਕ ਦੇ ਨਿਸ਼ਾਨੇ 'ਤੇ ਜਿੱਥੇ ਸਿਰਫ ਆਸਟ੍ਰੇਲੀਆਈ ਨਿਊਜ਼ ਪ੍ਰਕਾਸ਼ਕ ਸਨ ਉੱਥੇ ਇਸ ਦੀ ਚਪੇਟ ਵਿਚ ਸਰਕਾਰੀ ਏਜੰਸੀਆਂ ਵੱਲੋਂ ਚਲਾਏ ਜਾ ਰਹੇ ਦਰਜਨਾਂ ਪੇਜ ਵੀ ਆ ਗਏ। ਇਹ ਪੇਜ ਕਈ ਘੰਟੇ ਤੱਕ ਬਲਾਕ ਰਹੇ। ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੇ ਪੇਜ ਨੂੰ ਬਲਾਕ ਕਰ ਦਿੱਤਾ ਗਿਆ ਹੈ। ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਹਨਾਂ ਦੀਆਂ ਵੈਬਸਾਈਟਾਂ, ਐਪ ਜਾਂ ਟਵਿੱਟਰ ਪੇਜ 'ਤੇ ਆਉਣ।ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਖਰੜਾ ਕਾਨੂੰਨਾਂ ਵਿਚ ਇਹ ਸਪੱਸ਼ਟ ਕਰਨ ਲਈ ਸੋਧ ਕੀਤੀ ਜਾਵੇਗੀ ਕਿ ਗੂਗਲ ਅਤੇ ਫੇਸਬੁੱਕ ਖ਼ਬਰਾਂ ਲਈ ਪ੍ਰਕਾਸ਼ਕਾਂ ਨੂੰ ਖ਼ਬਰ ਦੇ ਲਿੰਕ 'ਤੇ ਪ੍ਰਤੀ ਕਲਿੱਕ ਦੀ ਬਜਾਏ ਇਕਮੁਸ਼ਤ ਰਾਸ਼ੀ ਦੀ ਭੁਗਤਾਨ ਕਰਨਗੇ।ਇਕ ਸਰਕਾਰੀ ਬਿਆਨ ਵਿਚ ਇਹਨਾਂ ਵਿਧਾਨਿਕ ਤਬਦੀਲੀਆਂ ਨੂੰ ਸਪੱਸ਼ਟੀਕਰਨ ਅਤੇ ਤਕਨੀਕੀ ਸੋਧ ਦੱਸਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਮਲਾਲਾ ਨੂੰ ਗੋਲੀ ਮਾਰਨ ਵਾਲੇ ਅੱਤਵਾਦੀ ਨੇ ਮੁੜ ਦਿੱਤੀ ਧਮਕੀ, ਕਿਹਾ- ਇਸ ਵਾਰ ਗ਼ਲਤੀ ਨਹੀਂ ਹੋਵੇਗੀ

ਗੂਗਲ ਅਤੇ ਫੇਸਬੁੱਕ ਨੇ ਬਿੱਲ ਦੀ ਕੀਤੀ ਨਿੰਦਾ
ਆਸਟ੍ਰੇਲੀਆ ਵਿਚ ਆਨਲਾਈਨ ਵਿਗਿਆਪਨ ਵਿਚ 81 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੇ ਗੂਗਲ ਅਤੇ ਫੇਸਬੁੱਕ ਨੇ ਇਸ ਬਿੱਲ ਦੀ ਨਿੰਦਾ ਕੀਤੀ ਹੈ। ਗੂਗਲ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਹ ਬਿੱਲ ਪੇਸ਼ ਕੀਤਾ ਗਿਆ ਤਾਂ ਆਸਟ੍ਰੇਲੀਆ ਵਿਚ ਉਸ ਦਾ ਸਰਚ ਇੰਜਣ ਬੰਦ ਕਰ ਦਿੱਤਾ ਜਾਵੇਗਾ। ਫੇਸਬੁੱਕ ਨੇ ਵੀ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੂੰ ਸਮਾਚਾਰ ਲਈ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਵੇਗਾ ਤਾਂ ਆਸਟ੍ਰੇਲੀਆਈ ਪ੍ਰਕਾਸ਼ਕਾਂ ਨੂੰ ਖ਼ਬਰ ਸਾਂਝਾ ਕਰਨ ਤੋਂ ਰੋਕ ਦਿੱਤਾ ਜਾਵੇਗਾ। ਫੇਸਬੁੱਕ ਨੇ ਹੁਣ ਇਹ ਧਮਕੀ ਅਮਲ ਵਿਚ ਲਿਆ ਦਿੱਤੀ ਹੈ।

ਇਸ ਕਾਨੂੰਨ ਦਾ ਉਦੇਸ਼ ਡਿਜੀਟਲ ਜਗਤ ਦੀ ਦਿੱਗਜ਼ ਕੰਪਨੀਆਂ ਦੇ ਸੌਦੇਬਾਜ਼ੀ ਕਰਨ ਦੇ ਦਬਦਬੇ ਨੂੰ ਤੋੜਨਾ ਹੈ ਅਤੇ ਇਕ ਵਿਚੋਲਗੀ ਕਮੇਟੀ ਬਣਨਾ ਹੈ, ਜਿਸ ਕੋਲ ਮੁੱਲ 'ਤੇ ਕਾਨੂੰਨੀ ਰੂਪ ਨਾਲ ਨਿਰਣਾਇਕ ਫ਼ੈਸਲਾ ਦੇਣ ਦਾ ਅਧਿਕਾਰ ਹੋਵੇਗਾ। ਫੇਸਬੁੱਕ ਅਤੇ ਗੂਗਲ ਨੇ 2018-19 ਵਿਚ ਆਪਣੇ ਆਨਲਾਈਨ ਐਡ ਰੇਵੇਨਿਊ ਦਾ ਕਰੀਬ 79 ਫੀਸਦੀ (11,500 ਕਰੋੜ ਰੁਪਏ) ਭਾਰਤ ਤੋਂ ਕਮਾਏ ਸਨ। 2022 ਵਿਚ ਇਹ ਮਾਰਕੀਟ ਵੱਧ ਕੇ 28,000 ਕਰੋੜ ਰੁਪਏ ਹੋ ਜਾਵੇਗੀ।

ਨੋਟ-  ਫੇਸਬੁੱਕ ਵੱਲੋਂ ਆਸਟ੍ਰੇਲੀਆ ਵਿਚ ਕੀਤੀ ਕਾਰਵਾਈ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News