ਖੁਸ਼ਖ਼ਬਰੀ! ਆਸਟ੍ਰੇਲੀਆ ''ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਉਤਪਾਦਨ ਸ਼ੁਰੂ
Tuesday, Nov 10, 2020 - 05:57 PM (IST)
ਸਿਡਨੀ (ਬਿਊਰੋ): ਕੋਰੋਨਾ ਲਾਗ ਦੀ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਦੇ ਲਈ ਆਸਟ੍ਰੇਲੀਆ ਤੋਂ ਵੱਡੀ ਰਾਹਤ ਅਤੇ ਆਸ ਭਰੀ ਖ਼ਬਰ ਆਈ ਹੈ। ਆਸਟ੍ਰੇਲੀਆ ਦੀ ਸੀ.ਐੱਸ.ਐੱਲ. ਲਿਮੀਟਿਡ ਕੰਪਨੀ ਨੇ ਆਕਸਫੋਰਡ-ਐਸਟ੍ਰੇਜੇਨੇਕਾ ਦੀ ਕੋਰੋਨਾਵਾਇਰਸ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਆਸਟ੍ਰੇਲੀਆਈ ਮੀਡੀਆ ਨੇ ਦਾਅਵਾ ਕੀਤਾ ਕਿ ਸੋਮਵਾਰ ਤੱਕ ਕੰਪਨੀ ਵਿਕਟੋਰੀਆ ਵਿਚ ਵੈਕਸੀਨ ਦੀਆਂ 3 ਕਰੋੜ ਖੁਰਾਕਾਂ ਦੇ ਉਤਪਾਦਨ ਦੇ ਦਾਇਰੇ ਵਿਚ ਪਹੁੰਚ ਗਈ ਹੈ।
ਸਿਡਨੀ ਜੇ 2ਜੀ.ਬੀ. ਰੇਡੀਓ ਦੇ ਮੁਤਾਬਕ, ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੁੰਟ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੰਟ ਨੇ ਰੇਡੀਓ ਨੂੰ ਕਿਹਾ,''ਆਕਸਫੋਰਡ-ਐਸਟ੍ਰਾਜੇਨੇਕਾ ਦੀ ਵੈਕਸੀਨ ਨਾਲ ਟੀਕਾਕਰਨ ਸਵੈ ਇਛੁੱਕ ਹੋਵੇਗਾ ਪਰ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੂੰ ਲੈਣ ਦੇ ਲਈ ਉਤਸ਼ਾਹਿਤ ਕਰਾਂਗੇ।'' ਸਾਨੂੰ ਵਿਸ਼ਵਾਸ ਹੈ ਕਿ ਆਸਟ੍ਰੇਲੀਆਈ ਆਬਾਦੀ ਦੇ ਹਿਸਾਬ ਨਾਲ ਸਾਡੇ ਕੋਲ ਬਹੁਤ ਜ਼ਿਆਦਾ ਵੈਕਸੀਨ ਹਨ। ਸਿਹਤ ਮੰਤਰੀ ਦੇ ਮੁਤਾਬਕ, ਮਾਰਚ ਵਿਚ ਆਮ ਲੋਕਾਂ ਨੂੰ ਇਸ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਵੇਗੀ।
ਉੱਥੇ ਸਿਡਨੀ ਮੋਰਨਿੰਗ ਹੇਰਾਲਡ ਅਖ਼ਬਾਰ ਨੇ ਦੱਸਿਆ ਕਿ ਟੀਕੇ ਨੂੰ ਪੂਰੀ ਤਰ੍ਹਾਂ ਨਾਲ ਸੰਸਾਧਿਤ ਕਰਨ ਵਿਚ ਸੀ.ਐੱਸ.ਐੱਲ. ਨੂੰ ਲੱਗਭਗ 50 ਦਿਨ ਲੱਗਣਗੇ। ਅਖ਼ਬਾਰ ਦੇ ਮੁਤਾਬਕ, ਵੈਕਸੀਨ ਦੇ ਉਤਪਾਦਨ ਦੇ ਲਈ ਕੰਪਨੀ ਦਾ ਐਸਟ੍ਰਾਜੇਨੇਕਾ ਅਤੇ ਆਸਟ੍ਰੇਲੀਆਈ ਸਰਕਾਰ ਦੇ ਨਾਲ ਵੱਖ-ਵੱਖ ਇਕਰਾਰਨਾਮਾ ਹੈ। ਆਕਸਫੋਰਡ-ਐਸਟ੍ਰਾਜੇਨੇਕਾ ਦੀ ਵੈਕਸੀਨ ਨੂੰ ਹਾਲੇ ਵੀ ਆਸਟ੍ਰੇਲੀਆ ਦੇ ਮੈਡੀਕਲ ਪ੍ਰਸ਼ਾਸਨ ਵੱਲੋ ਮਨਜ਼ੂਰੀ ਦਿੱਤੇ ਜਾਣ ਦੀ ਲੋੜ ਹੈ। ਇਸ ਸਾਲ ਦੇ ਅਖੀਰ ਤੱਕ ਵੈਕਸੀਨ ਦੇ ਤੀਜੇ ਪੜਾਅ ਦਾ ਮੈਡੀਕਲ ਪਰੀਖਣ ਪੂਰਾ ਹੋਣ ਦੀ ਆਸ ਹੈ।