ਵਿਗਿਆਨੀਆਂ ਦਾ ਦਾਅਵਾ, 2100 ਤੱਕ ਸਮੁੰਦਰਾਂ 'ਚ ਖਤਮ ਹੋ ਜਾਣਗੇ ਕੋਰਲ

02/23/2020 3:49:51 PM

ਸਿਡਨੀ (ਬਿਊਰੋ): ਜਲਵਾਯੂ ਤਬਦੀਲੀ ਦੇ ਕਾਰਨ ਸਮੁੰਦਰਾਂ ਵਿਚ ਮੌਜੂਦ ਕੋਰਲ ਆਉਣ ਵਾਲੇ 7 ਤੋਂ 8 ਦਹਾਕਿਆਂ ਵਿਚ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਅਗਲੇ 20 ਸਾਲ ਦੇ ਅੰਦਰ 70-90 ਫੀਸਦੀ ਕੋਰਲ ਰੰਗ ਬਦਲ ਕੇ ਖਤਮ ਹੋਣ ਦੇ ਕੰਢੇ ਪਹੁੰਚ ਸਕਦੇ ਹਨ। ਯੂਨੀਵਰਸਿਟੀ ਆਫ ਹਵਾਈ ਮੋਨੋਆ ਦੇ ਵਿਗਿਆਨੀਆਂ ਨੇ ਸੋਮਵਾਰ ਨੂੰ ਓਸ਼ਨ ਸਾਈਂਸ ਕਾਨਫਰੰਸ ਵਿਚ ਦੱਸਿਆ,''ਸਮੁੰਦਰਾਂ ਵਿਚ ਵੱਧਦੇ ਪ੍ਰਦੂਸ਼ਣ ਅਤੇ ਕੈਮੀਕਲ ਪ੍ਰਭਾਵ ਦੇ ਕਾਰਨ ਕੋਰਲ ਤੇਜ਼ੀ ਨਾਲ ਘੱਟ ਰਹੇ ਹਨ।'' 

ਯੂਨੀਵਰਸਿਟੀ ਦੀ ਖੋਜੀ ਰੇਨੀ ਸੇਟਰ ਨੇ ਮੀਡੀਆ ਨੂੰ ਦੱਸਿਆ,''2100 ਤੱਕ ਕੋਰਲ ਦੀ ਸਥਿਤੀ ਲੱਗਭਰ ਖਰਾਬ ਹੋ ਜਾਵੇਗੀ। ਭਾਵੇਂਕਿ ਕੁਝ ਵਿਗਿਆਨੀ ਅਤੇ ਵਾਤਾਵਰਨਵਾਦੀ ਕੋਰਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਕੋਸ਼ਿਸ਼ਾਂ ਦੇ ਤਹਿਤ ਸਜੀਵ ਕੋਰਲ ਨੂੰ ਲੈਬ ਵਿਚ ਤਿਆਰ ਕਰ ਕੇ ਸਮੁੰਦਰ ਵਿਚ ਛੱਡਿਆ ਗਿਆ ਹੈ। ਇੰਨਾ ਹੀ ਨਹੀਂ ਉਹ ਸਮੁੰਦਰਾਂ ਵਿਚ ਜਿਉਂਦੇ ਬਣੇ ਰਹਿ ਸਕਾਣ, ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਭਾਵੇਂਕਿ ਇਸ ਨਾਲ ਪੂਰੀ ਧਰਤੀ ਦੇ ਕੋਰਲ ਨੂੰ ਬਚਾਉਣਾ ਸੰਭਵ ਨਹੀਂ।

ਅਮਰੀਕਾ ਦੇ ਨੈਸ਼ਨਲ ਓਸ਼ੇਨਿਕ ਐਂਡ ਐਟਮਾਸਫੇਰਿਕ ਐਡਮਿਨਿਸਟ੍ਰੇਸ਼ਨ ਦੇ ਅੰਕੜਿਆਂ ਦੇ ਮੁਤਾਬਕ ਸਮੁੰਦਰਾਂ ਵਿਚ ਕੋਰਲ ਦੀ ਮੌਜੂਦਗੀ ਨੂੰ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਇਹਨਾਂ ਵਿਚ ਪਾਣੀ ਵਿਚ ਵੱਧਦਾ ਤੇਜ਼ਾਬ, ਸਮੁੰਦਰੀ ਪਾਣੀ ਦਾ ਤਾਪਮਾਨ, ਮਨੁੱਖੀ ਪ੍ਰਦੂਸ਼ਣ, ਜਨਸੰਖਿਆ ਘਣਤਾ ਅਤੇ ਸਮੁੰਦਰੀ ਮੱਛੀ ਦਾ ਸ਼ਿਕਾਰ ਪ੍ਰਮੁੱਖ ਹਨ। ਮਹਾਸਾਗਰਾਂ ਦਾ ਅਧਿਐਨ ਕਰਨ ਦੇ ਬਾਅਦ ਵਿਗਿਆਨੀ ਇਸ ਨਤੀਜੇ 'ਤੇ ਪਹੁੰਚੇ ਹਨ ਕਿ 2100 ਤੱਕ ਦੁਨੀਆ ਦੇ ਸਮੁੰਦਰਾਂ ਵਿਚ ਚੋਣਵੀਆਂ ਥਾਵਾਂ 'ਤੇ ਹੀ ਕੋਰਲ ਬਚਣਗੇ। ਅੱਜ ਸਮੁੰਦਰਾਂ ਵਿਚ ਜਿੱਥੇ ਕੋਰਲ ਚੰਗੀ ਸਥਿਤੀ ਵਿਚ ਹਨ, 2045 ਤੱਕ ਉਂਝ ਦੇ ਨਹੀਂ ਰਹਿਣਗੇ। 

ਸਦੀ ਦੇ ਅਖੀਰ ਤੱਕ ਬਾਜਾ ਕੈਲੀਫੋਰਨੀਆ ਤੱਟ ਅਤੇ ਲਾਲ ਸਾਗਰ ਵਿਚ ਹੀ ਕੋਰਲ ਬਚੀ ਰਹਿ ਸਕਦੀ ਹੈ। ਇੱਥੇ ਇਹਨਾਂ ਦੇ ਬਚਣ ਦਾ ਕਾਰਨ ਇਹਨਾਂ ਤੱਟਾਂ ਨੇੜੇ ਨਦੀਆਂ ਦੀ ਮੌਜੂਦਗੀ ਹੈ। ਵਿਗਿਆਨੀਆਂ ਨੇ ਆਸਟ੍ਰੇਲੀਆ ਦੇ ਗ੍ਰੇਟ ਬੈਰੀਅਰ ਰੀਫ ਦੇ 2300 ਕਿਲੋਮੀਟਰ ਦੇ ਇਲਾਕੇ ਵਿਚ ਘੱਟਦੇ ਕੋਰਲ ਰੀਫ ਦੇ ਬਦਲਦੇ ਰੰਗ ਨੂੰ ਲੈ ਕੇ ਇਸ ਨੂੰ 'ਸਮੂਹਿਕ ਮੌਤ' ਅਤੇ ਪੂਰੇ 'ਗ੍ਰਹਿ ਦੀ ਤਬਾਹੀ' ਸਿਰਲੇਖ ਦਿੱਤਾ ਹੈ। 2016-17 ਦੇ ਦੌਰਾਨ ਹੀ ਤਾਪਮਾਨ ਵਾਧੇ ਦੇ ਕਾਰਨ ਗ੍ਰੇਟ ਬੈਰੀਅਰ ਦਾ ਕਰੀਬ ਅੱਧਾ ਹਿੱਸਾ ਤਬਾਹ ਹੋ ਚੁੱਕਾ ਹੈ ਅਤੇ ਦੁਨੀਆ ਦੀਆਂ ਕੋਰਲ ਦੇ ਰੰਗਾਂ ਵਿਚ ਤਬਦੀਲੀ ਹੋਈ ਹੈ। 

ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਿਟੀ (GBRMPA) ਨੇ ਰੀਫ ਦੀ ਸਥਿਤੀ ਨੂੰ ਲੈ ਕੇ ਹਰ 5 ਸਾਲ ਵਿਚ ਰਿਪੋਰਟ ਤਿਆਰ ਕਰਨੀ ਹੁੰਦੀ ਹੈ। 2009 ਵਿਚ ਪਹਿਲੀ ਰਿਪੋਰਟ ਵਿਚ ਵਿਗਿਆਨੀਆਂ ਨੇ ਰੀਫ ਦੀ ਸਥਿਤੀ ਚੰਗੀ ਦੱਸੀ ਸੀ ਜਦਕਿ 2014 ਵਿਚ ਦੂਜੀ ਰਿਪੋਰਟ ਵਿਚ ਕਿਹਾ ਗਿਆ ਕਿ ਰੀਫ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਨਾਲ ਲੜਨ ਅਤੇ ਉਹਨਾਂ 'ਤੇ ਲਗਾਮ ਲਗਾਉਣ ਦੀ ਲੋੜ ਹੈ।


Vandana

Content Editor

Related News