ਆਸਟ੍ਰੇਲੀਆ : ਕਈ ਗੱਡੀਆਂ ਆਪਸ ''ਚ ਟਕਰਾਈਆਂ, 3 ਗੰਭੀਰ ਜ਼ਖਮੀ
Thursday, Jan 31, 2019 - 11:51 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਦੱਖਣ ਵਿਚ ਵੀਰਵਾਰ ਤੜਕਸਾਰ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਡਿਊਟੀ ਕਰ ਰਹੇ ਇਕ ਪੁਲਸ ਅਧਿਕਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਹਾਦਸੇ ਮਗਰੋਂ ਪੁਲਸ, ਪੈਰਾ ਮੈਡੀਕਲ ਅਧਿਕਾਰੀ ਅਤੇ ਅੱਗ ਬੁਝਾਊ ਕਰਮਚਾਰੀਆਂ ਨੂੰ ਨਿਊ ਇਲਵਾਰਾ ਰੋਡ ਦੇ ਉੱਤਰ ਵਿਚ ਹੀਥਕੋਟ ਰੋਡ 'ਤੇ ਬੁਲਾਇਆ ਗਿਆ। ਰਿਪੋਰਟ ਮੁਤਾਬਕ ਹਾਦਸੇ ਵਿਚ ਤਿੰਨ ਗੱਡੀਆਂ ਸ਼ਾਮਲ ਸਨ। ਮੌਕੇ 'ਤੇ ਸੱਤ ਐਂਬੂਲੈਂਸ ਗੱਡੀਆਂ ਅਤੇ ਇਕ ਮੈਡੀਕਲ ਟੀਮ ਨੂੰ ਵੀ ਬੁਲਾਇਆ ਗਿਆ। ਨਿਊ ਸਾਊਥ ਵੇਲਜ਼ ਦੇ ਅੱਗ ਬੁਝਾਊ ਕਰਮਚਾਰੀਆਂ ਨੇ ਗੱਡੀ ਹੇਠਾਂ ਫਸੇ ਇਕ ਵਿਅਕਤੀ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ।
ਡਿਊਟੀ 'ਤੇ ਤਾਇਨਾਤ 30 ਸਾਲ ਪੁਲਸ ਅਧਿਕਾਰੀ ਅਤੇ ਦੂਜੀ ਗੱਡੀ ਦੀ ਮਹਿਲਾ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਲੀਵਰਪੂਲ ਹਸਪਤਾਲ ਲਿਜਾਇਆ ਗਿਆ। ਜ਼ਖਮੀ ਹੋਏ ਤੀਜੇ ਵਿਅਕਤੀ ਨੂੰ ਸੁਥਰਲੈਂਡ ਹਸਪਤਾਲ ਲਿਜਾਇਆ ਗਿਆ। ਹਾਦਸੇ ਕਾਰਨ ਕਾਫੀ ਸਮੇਂ ਤੱਕ ਹੀਥਕੋਟ ਰੋਡ ਦੇ ਦੋਹੀਂ ਪਾਸੀਂ ਆਵਾਜਾਈ ਠੱਪ ਰਹੀ। ਪੁਲਸ ਹਾਦਸਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ।