ਆਸਟ੍ਰੇਲੀਆ-ਨਿਊਜ਼ੀਲੈਂਡ ਦਰਮਿਆਨ ਯਾਤਰਾ ਸਬੰਧੀ ਪਾਬੰਦੀਆਂ ''ਚ ਵਾਧਾ
Thursday, Jan 28, 2021 - 05:58 PM (IST)
ਸਿਡਨੀ (ਬਿਊਰੋ): ਆਕਲੈਂਡ ਦੇ ਪਲਮੈਨ ਹੋਟਲ ਵਿਚ ਹੋਟਲ ਕੁਆਰੰਟੀਨ ਵਿਚ 2 ਮਾਮਲਿਆਂ ਦੇ ਇਜ਼ਾਫੇ ਕਾਰਨ ਆਸਟ੍ਰੇਲੀਆਈ ਸਰਕਾਰ ਨੇ ਨਿਊਜ਼ੀਲੈਂਡ ਤੋਂ ਕੁਆਰੰਟੀਨ ਮੁਕਤ ਯਾਤਰਾਵਾਂ ਸਬੰਧੀ ਲਗਾਏ ਬੈਨ ਨੂੰ ਹੋਰ 72 ਘੰਟਿਆਂ ਲਈ ਵਧਾ ਦਿੱਤਾ ਹੈ। ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਮਾਈਕਲ ਕਿਡ ਦਾ ਕਹਿਣਾ ਹੈ ਕਿ ਉਕਤ ਦੋਵੇਂ ਮਾਮਲੇ ਦੱਖਣੀ ਆਸਟ੍ਰੇਲੀਆਈ ਕੋਰੋਨਾ ਵਾਇਰਸ ਦੇ ਵੈਰੀਐਂਟ ਦੇ ਹਨ ਅਤੇ ਸਾਵਧਾਨੀ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਮਾਈਕਲ ਨੇ ਕਿਹਾ ਕਿ ਉਨ੍ਹਾਂ ਨੂੰ ਖੇਦ ਹੈ ਕਿ ਅਚਾਨਕ ਇਹ ਫੈਸਲਾ ਲੈਣਾ ਪਿਆ ਹੈ ਕਿਉਂਕਿ ਇਸ ਤੋਂ ਇਲਾਵਾ ਕੋਈ ਹੋਰ ਵਿਕਲਪ ਵੀ ਨਹੀਂ ਹੈ। ਹੁਣ ਨਿਊਜ਼ੀਲੈਂਡ ਵਿਚਲੀ ਸਥਿਤੀ ਅਤੇ ਅੰਕੜਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਅਧਿਕਾਰੀਆਂ ਨੇ ਕੋਰੋਨਾ ਦੇ ਦੋ ਮਾਮਲਿਆਂ ਨੂੰ ਸਥਾਨਕ ਟ੍ਰਾਂਸਮਿਸ਼ਨ ਦਾ ਮੰਨਿਆ ਹੈ ਪਰ ਨਿਊਜ਼ੀਲੈਂਡ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਵਿਚ ਹੋਟਲ ਕੁਆਰੰਟੀਨ ਵਿਚ ਤਿੰਨ ਨਵੇਂ ਮਾਮਲੇ ਆਏ ਹਨ ਅਤੇ ਸਥਾਨਕ ਟਰਾਂਸਮਿਸ਼ਨ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਮਸਜਿਦਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
ਡਾ. ਕਿਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਗਰੀਨ ਜ਼ੋਨ ਟ੍ਰੈਵਲ’ ਅਧੀਨ, ਸਿਡਨੀ ਵਿਚ ਨਿਊਜ਼ੀਲੈਂਡ ਦੇ ਪਲਮੈਨ ਹੋਟਲ ਤੋਂ 12 ਯਾਤਰੀ ਆਏ ਸਨ ਅਤੇ ਹੁਣ ਉਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿੱਥੇ-ਕਿੱਥੇ ਉਤਰੇ ਸਨ। ਲਗਾਈ ਗਈ ਇਹ ਨਵੀਂ ਪਾਬੰਦੀ ਹੁਣ ਐਤਵਾਰ ਦੁਪਹਿਰ 2 ਵਜੇ ਤੱਕ ਲਾਗੂ ਹੋਵੇਗੀ ਅਤੇ ਇਸ ਮਗਰੋਂ ਸਥਿਤੀਆਂ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸੇ ਹਫਤੇ ਦੇ ਸ਼ੁਰੂ ਵਿਚ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਯਾਤਰਾਵਾਂ 'ਤੇ ਜ਼ਿਆਦਾ ਚਿੰਤਾ ਨਾ ਜ਼ਾਹਰ ਕੀਤੀ ਜਾਵੇ ਕਿਉਂਕਿ ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀ ਇਸ ਪ੍ਰਤੀ ਕਾਫੀ ਜਾਗਰੂਕ ਹਨ ਅਤੇ ਉਹ ਚਾਹੁੰਦੇ ਹਨ ਕਿ ਟ੍ਰਾਂਸ-ਟੈਸਮੈਨ ਦਾ ਦਾਇਰਾ ਵਧਾਇਆ ਜਾਵੇ। ਤਾਂ ਜੋ ਦੋਹਾਂ ਦੇਸ਼ਾਂ ਦਰਮਿਆਨ ਮੁੜ ਤੋਂ ਕੁਆਰੰਟੀਨ ਮੁਕਤ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਸਕਣ।
ਨੋਟ- ਆਸਟ੍ਰੇਲੀਆ-ਨਿਊਜ਼ੀਲੈਂਡ ਦਰਮਿਆਨ ਯਾਤਰਾ ਸਬੰਧੀ ਪਾਬੰਦੀਆਂ 'ਚ ਵਾਧਾ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।