ਆਸਟ੍ਰੇਲੀਆ : ਸਮਾਰਟਫੋਨ ਕਾਰਨ ਬਚੀ ਸ਼ਖਸ ਦੀ ਜਾਨ, ਜਾਣੋ ਮਾਮਲਾ

Monday, Mar 18, 2019 - 11:08 AM (IST)

ਆਸਟ੍ਰੇਲੀਆ : ਸਮਾਰਟਫੋਨ ਕਾਰਨ ਬਚੀ ਸ਼ਖਸ ਦੀ ਜਾਨ, ਜਾਣੋ ਮਾਮਲਾ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਦੀ ਜਾਨ ਉਸ ਦੇ ਸਮਾਰਟਫੋਨ ਨੇ ਬਚਾ ਲਈ। ਅਸਲ ਵਿਚ 43 ਸਾਲਾ ਵਿਅਕਤੀ ਕਾਰ ਵਿਚ ਨਿੰਬਿਨ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਘਰ ਦੇ ਬਾਹਰ ਪਹੁੰਚ ਕੇ ਜਦੋਂ ਉਸ ਨੇ ਕਾਰ ਰੋਕੀ ਤਾਂ ਸਾਹਮਣੇ ਇਕ ਵਿਅਕਤੀ ਤੀਰ-ਕਮਾਨ ਲਈ ਨਜ਼ਰ ਆਇਆ। ਕਾਰ ਸਵਾਰ ਨੇ ਉਸ ਦੀ ਤਸਵੀਰ ਲੈਣ ਦੀ ਸੋਚੀ ਅਤੇ ਇਸ ਲਈ ਸਮਾਰਟਫੋਨ ਹੱਥ ਵਿਚ ਲਿਆ।

ਜਿਵੇਂ ਹੀ ਵਿਅਕਤੀ ਤਸਵੀਰ ਲੈਣ ਲਈ ਫੋਨ 'ਤੇ ਕਲਿੱਕ ਕਰਨ ਲੱਗਾ, ਉਦੋਂ ਧਨੁੱਖਧਾਰੀ ਸ਼ਖਸ ਨੇ ਤੀਰ ਛੱਡ ਦਿੱਤਾ। ਇਹ ਤੀਰ ਸਿੱਧਾ ਕਾਰ ਸਵਾਰ ਵੱਲ ਆਇਆ ਅਤੇ ਉਸ ਦੇ ਫੋਨ ਨਾਲ ਟਕਰਾ ਗਿਆ। ਤੀਰ ਇੰਨਾ ਤੇਜ਼ੀ ਨਾਲ ਆਇਆ ਕਿ ਇਹ ਫੋਨ ਨੂੰ ਚੀਰਦੇ ਹੋਏ ਨਿਕਲ ਗਿਆ। ਚੰਗੀ ਕਿਸਮਤ ਨਾਲ ਤੀਰ ਪੀੜਤ ਵਿਅਕਤੀ ਦੀ ਠੋਡੀ 'ਤੇ ਲੱਗਾ, ਜਿਸ ਨਾਲ ਮਾਮੂਲੀ ਜਿਹੀ ਸੱਟ ਲੱਗੀ। ਇਸ ਲਈ ਪੀੜਤ ਨੂੰ ਡਾਕਟਰ ਕੋਲ ਜਾਣ ਦੀ ਵੀ ਲੋੜ ਨਹੀਂ ਪਈ।

ਉੱਧਰ ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਹਮਲਾਵਰ ਦੀ ਪਛਾਣ ਕਰ ਲਈ। 39 ਸਾਲਾ ਧਨੁੱਖਧਾਰੀ ਨਿੰਬਿਨ ਦਾ ਹੀ ਰਹਿਣ ਵਾਲਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਲਿਸਮੋਰ ਕੋਰਟ ਵਿਚ ਪੇਸ਼ ਕੀਤਾ। ਜਿੱਥੇ ਉਸ ਨੂੰ ਸ਼ਰਤ ਸਮੇਤ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਬਾਅਦ ਵਿਚ ਤੀਰ ਨਾਲ ਟੁੱਟੇ ਹੋਏ ਫੋਨ ਦੀ ਤਸਵੀਰ ਫੇਸਬੁੱਕ 'ਤੇ ਅਪਲੋਡ ਕੀਤੀ। 

 

ਪੁਲਸ ਨੇ ਪੋਸਟ ਵਿਚ ਲਿਖਿਆ ਹੈ,''ਕਾਰ ਸਵਾਰ ਨੂੰ ਬਹੁਤ ਮਾਮੂਲੀ ਸੱਟ ਲੱਗੀ। ਉਸ ਨੂੰ ਇਲਾਜ ਲਈ ਡਾਕਟਰ ਕੋਲ ਵੀ ਨਹੀਂ ਜਾਣਾ ਪਿਆ।''


author

Vandana

Content Editor

Related News