160 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਸਿਡਨੀ ''ਚ ਬਣੇਗਾ ਆਸਟ੍ਰੇਲੀਆ ਦਾ ਪਹਿਲਾ ''ਸਿੱਖ'' ਸਕੂਲ

Sunday, Mar 21, 2021 - 06:01 PM (IST)

160 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਸਿਡਨੀ ''ਚ ਬਣੇਗਾ ਆਸਟ੍ਰੇਲੀਆ ਦਾ ਪਹਿਲਾ ''ਸਿੱਖ'' ਸਕੂਲ

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਦਾ ਸਕੂਲ ਬਣਵਾਇਆ ਜਾ ਰਿਹਾ ਹੈ, ਜਿਸ ਦੀ ਲਾਗਤ 160 ਮਿਲੀਅਨ ਡਾਲਰ ਤੋਂ ਵੀ ਵੱਧ ਦੀ ਦੱਸੀ ਜਾ ਰਹੀ ਹੈ। ਸਿੱਖ ਗਰਾਮਰ ਸਕੂਲ ਦੇ ਕਮੇਟੀ ਮੈਂਬਰਾਂ ਦੀ ਕਈ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਿੱਖ ਸਕੂਲ ਨੂੰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਸਕੂਲ ਆਸਟ੍ਰੇਲੀਆ ਵਿੱਚ ਪਹਿਲਾ ਸਿੱਖ ਗਰਾਮਰ ਸਕੂਲ ਹੋਵੇਗਾ ਜੋ ਕਿ ਸਿਡਨੀ ਦੇ ਤਾਲਾਂਵੌਂਗ ਰੋਡ ਰਾਉਸ ਹਿੱਲ ਵਿਖੇ ਬਣੇਗਾ। 9 ਏਕੜ ਵਿੱਚ ਬਣ ਰਹੇ ਇਸ ਸਕੂਲ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿੱਚ ਵੱਖਰਾ ਹੀ ਉਤਸ਼ਾਹ ਬਣਿਆ ਹੋਇਆ ਹੈ । 

ਸਿੱਖ ਗਰਾਮਰ ਸਕੂਲ ਕਦੋਂ ਹੋਵੇਗਾ ਬਣ ਕੇ ਤਿਆਰ :-
ਸਿੱਖ ਗਰਾਮਰ ਸਕੂਲ ਵੱਡੇ ਪੱਧਰ ਦਾ ਸਕੂਲ ਹੋਣ ਕਰਕੇ ਇਸ ਦੇ ਮੁੱਢਲੇ ਢਾਂਚੇ ਨੂੰ ਬਣਵਾਉੁਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਸਕੂਲ ਦੀ ਇਮਾਰਤ 9 ਪੜਾਵਾਂ ਵਿੱਚੋਂ ਲੰਘੇਗੀ ਅਤੇ ਸਕੂਲ ਦੇ ਪਹਿਲੇ ਪੜਾਅ ਦੀ ਇਮਾਰਤ 2023 ਵਿੱਚ ਬਣ ਕੇ ਤਿਆਰ ਹੋ ਜਾਵੇਗੀ ਪਰ ਸਕੂਲ ਦੇ ਕਮੇਟੀ ਮੈਂਬਰਾਂ ਮੁਤਾਬਕ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਕੂਲ 2023-24 ਦੇ ਸੈਸ਼ਨ ਲਈ ਵਿਦਿਆਰਥੀਆਂ ਲਈ ਬਣ ਕੇ ਤਿਆਰ ਹੋ ਜਾਵੇਗਾ। ਸਿੱਖ ਸਕੂਲ ਨੂੰ ਪੜ੍ਹਾਈ ਦੀਆਂ ਬਿਹਤਰੀਨ ਆਧੁਨਿਕ ਤਕਨੀਕਾਂ ਨਾਲ ਬਣਾਇਆਂ ਜਾਵੇਗਾ, ਜਿਸ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਲਈ ਸਕੂਲ ਵਿੱਚ ਇੰਟਰਨੈਟ ਦੀ ਸਹੂਲਤ, ਵੀਡਿਓ ਕਾਨਫਰੰਸਿੰਗ, ਇਲਾਕਟ੍ਰਾਨਿਕ ਗੈਜਟ ਅਤੇ ਹੋਰ ਵੀ ਨਵੀਂ ਤਕਨੀਕ ਦੀਆਂ ਵਸਤਾਂ ਸ਼ਾਮਲ ਹਨ । 

ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਵੇਗੀ ਪੰਜਾਬੀ ਭਾਸ਼ਾ :- 
ਸਕੂਲ ਨੂੰ ਹਰ ਪੱਖ ਤੋਂ ਵਧੀਆ ਢੰਗ ਨਾਲ ਬਣਵਾਉਣ ਦੀ ਸਕੂਲ ਕਮੇਟੀ ਦੀ ਸੋਚ ਸਕੂਲ ਨੂੰ ਲੋਕਾਂ ਵਿੱਚ ਉਤਸ਼ਾਹਿਤ ਕਰ ਰਹੀ ਹੈ । ਸਕੂਲ ਵਿੱਚ ਲਾਜ਼ਮੀ ਤੌਰ 'ਤੇ ਪੰਜਾਬੀ ਭਾਸ਼ਾ ਪੜ੍ਹਾਈ ਜਾਵੇਗੀ ਜਿਸ ਨਾਲ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਬੱਚੇ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣਗੇ ਅਤੇ ਪੰਜਾਬ ਦੀ ਮਹਿਕ ਨੂੰ ਨੇੜਿਓ ਮਾਣ ਸਕਣਗੇ। ਪੰਜਾਬੀ ਭਾਸ਼ਾ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵੀ ਸਕੂਲ ਵਿੱਚ ਬੱਚੇ ਸਿੱਖ ਸਕਣਗੇ।ਬੱਚਿਆਂ ਦੀ ਦਿਲਚਸਪੀ ਜਿਸ ਵੀ ਭਾਸ਼ਾ ਨੂੰ ਸਿੱਖਣ ਦੀ ਹੋਵੇਗੀ, ਸਕੂਲ ਦੇ ਨਿਯਮਾਂ ਤਹਿਤ ਉਹ ਭਾਸ਼ਾ ਸਕੂਲ ਦੇ ਅਧਿਆਪਕਾਂ ਵੱਲੋਂ ਸਿਖਾਈ ਜਾਵੇਗੀ। ਪੰਜਾਬੀ ਅਤੇ ਆਪਣੇ ਵਿਰਸੇ ਨਾਲ ਜੋੜਨ ਲਈ ਇਸ ਸਕੂਲ ਵਿੱਚ ਗੁਰਬਾਣੀ, ਕਥਾ ਅਤੇ ਤਬਲਾ ਵੀ ਬੱਚਿਆਂ ਨੂੰ ਸਿਖਾਇਆ ਜਾਵੇਗਾ। 

PunjabKesari

ਬੱਚਿਆਂ ਲਈ ਕੀ ਹੋਣਗੀਆਂ ਸਹੂਲਤਾਂ :- 
ਸਿੱਖ ਗਰਾਮਰ ਸਕੂਲ ਵਿੱਚ ਕਿੰਡਰਗਾਰਡਨ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਾਈ ਕਰਵਾਈ ਜਾਵੇਗੀ। ਪ੍ਰੀ ਸਕੂਲ ਤੋਂ ਲੈ ਕੇ 12ਵੀਂ ਜਮਾਤ ਵਿੱਚ ਤੱਕ ਕੁੱਲ 1260 ਵਿਦਿਆਰਥੀ ਸਕੂਲ ਵਿੱਚ ਪੜ੍ਹ ਸਕਣਗੇ ਅਤੇ 89 ਬੱਚੇ ਚਾਈਲਡ ਕੇਅਰ ਵਿੱਚ ਰਹਿ ਸਕਦੇ ਹਨ। ਦੂਰ ਦੁਰਾਡੇ ਤੋਂ ਪੜ੍ਹਨ ਆਉੁਣ ਵਾਲੇ ਬੱਚਿਆਂ ਲਈ ਹੋਸਟਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿੱਚ 116 ਵਿਦਿਆਰਥੀ ਸਕੂਲ ਵੱਲੋਂ ਬਣਾਏ ਜਾ ਰਹੇ ਹੋਸਟਲ ਦਾ ਵੀ ਲਾਹਾ ਲੈ ਸਕਣਗੇ। ਬੱਚਿਆਂ ਦੀ ਪੜ੍ਹਾਈ ਲਈ ਕਲਾਸ-ਰੂਮ ਏਅਰ ਕੰਡੀ਼ਨਰਾਂ ਨਾਲ ਲੈੱਸ ਹੋਵਣਗੇ ਅਤੇ ਬੱਚਿਆਂ ਲਈ ਲਾਇਬਰੇਰੀ ਦਾ ਵੀ ਪ੍ਰਬੰਧ ਹੋਵੇਗਾ। ਬੱਚਿਆਂ ਨੂੰ ਪੜ੍ਹਾਈ ਲਈ ਨਵੀਂ ਤਕਨੀਕ ਦਾ ਪ੍ਰਯੋਗ ਕੀਤਾ ਜਾਵੇਗਾ। ਸਕੂਲ ਵਿੱਚ ਬੱਚਿਆਂ ਲਈ ਕੰਪਿਊਟਰ ਸੈਂਟਰ ਵੀ ਬਣਵਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ-   ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਕੈਨੇਡਾ ਦੀ ਸੰਸਦ 'ਚ ਮਿਲਿਆ ਅਹਿਮ ਅਹੁਦਾ

ਸਕੂਲ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਚੱਢਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਕੂਲ ਦੇ ਹਰ ਕੰਮ ਨੂੰ ਬੜੀ ਬਾਰੀਕੀ ਨਾਲ ਲਿਆ ਜਾ ਰਿਹਾ ਹੈ ਅਤੇ ਸਕੂਲ ਪੰਜਾਬੀ ਭਾਈਚਾਰੇ ਲਈ ਇੱਕ ਵੱਖਰੀ ਕਿਸਮ ਦਾ ਤੋਹਫ਼ਾ ਹੋਵੇਗਾ ਜੋ ਕਿ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਹੱਲ ਹੋਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਅਤੇ ਆਪਣੇ ਇਤਿਹਾਸ ਨਾਲ ਕਿਵੇਂ ਜੋੜ ਕੇ ਰੱਖਣ। ਕੁਲਦੀਪ ਸਿੰਘ ਚੱਢਾ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਸਿੱਖ ਸਕੂਲ ਦੇ ਪਿੱਛੇ ਉਹਨਾਂ ਦੀ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਦੀ ਸਾਲਾਂ ਬੱਧੀ ਮਿਹਨਤ ਹੈ ਜੋ ਪਰਮਾਤਮਾ ਦੇ ਅਸ਼ੀਰਵਾਦ ਸਦਕਾ ਪੂਰੀ ਹੋਣ ਲਈ ਆਪਣੀ ਮੰਜ਼ਲ ਵੱਲ ਪੜਾਅ ਦਰ ਪੜਾਅ ਵੱਧ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਤਰਲੋਕ ਸਿੰਘ ਕੌਰਡੀਨੇਟਰ ਅਤੇ ਲਖਵਿੰਦਰ ਸਿੰਘ ਉਪ ਕੌਰਡੀਨੇਨਟਰ ਵੀ ਮੌਜੂਦ ਸਨ।

ਨੋਟ- ਸਿਡਨੀ 'ਚ ਬਣੇਗਾ ਆਸਟ੍ਰੇਲੀਆ ਦਾ ਪਹਿਲਾ 'ਸਿੱਖ' ਸਕੂਲ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News