ਆਸਟ੍ਰੇਲੀਆ : ਕਿਸਾਨਾਂ ਦੇ ਹੱਕ ''ਚ ਪੰਜਾਬੀ ਭਾਈਚਾਰੇ ਨੇ ਕੱਢੀ ਰੈਲੀ
Saturday, Oct 17, 2020 - 04:06 PM (IST)
ਸਿਡਨੀ, (ਸਨੀ ਚਾਂਦਪੁਰੀ)- ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ । ਇਨ੍ਹਾਂ ਕਾਨੂੰਨਾਂ ਦਾ ਵਿਦੇਸ਼ਾਂ ਵਿਚ ਵੀ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਗੱਲ ਕਹੀ ਜਾ ਰਹੀ ਹੈ। ਇਸ ਵਿਰੋਧ ਦੇ ਵਿਚ ਸਿਡਨੀ ਸਿੱਖ ਯੂਥ ਆਸਟ੍ਰੇਲੀਆ ਦੇ ਪੰਜਾਬੀ ਮੂਲ ਦੇ ਨੌਜਵਾਨਾਂ ਅਤੇ ਆਸਟ੍ਰੇਲੀਆ ਦੇ ਜੰਮਪਲ ਨੌਜਵਾਨਾਂ ਵੱਲੋਂ ਸ਼ਾਂਤਮਈ ਰੈਲੀ ਕੱਢੀ ਗਈ, ਜੋ ਕਿ ਗੁਰਦੁਆਰਾ ਗਲੇਨਵੁੱਡ ਤੋਂ ਸ਼ੁਰੂ ਹੋ ਕੇ ਮੇਨ ਸਟ੍ਰੀਟ ਬਲੈਕਟਾਊਨ ਤੋਂ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਸਮਾਪਤ ਹੋਈ ।
8 ਕਿਲੋਮੀਟਰ ਲੰਮੀ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਵੱਲੋਂ ਬਣਾਏ ਤਿੰਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ । ਇਸ ਮੌਕੇ ਬੈਨੀ ਥਾਂਦੀ ਅਤੇ ਸੁੱਖਾ ਜੋਹਲ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਕਿਸਾਨਾਂ ਦੀ ਅਵਾਜ਼ ਬਣਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਅੱਜ ਵਿਦੇਸ਼ ਦੀ ਧਰਤੀ 'ਤੇ ਪੱਕੇ ਤੌਰ 'ਤੇ ਵਸਨੀਕ ਬਣ ਗਏ ਹਾਂ ਪਰ ਸਾਡੀ ਜੜ ਪੰਜਾਬ ਵਿਚ ਹੈ ਅਤੇ ਸਾਡਾ ਦਿਲ ਪੰਜਾਬ ਵਿਚ ਹੀ ਹੈ । ਵਿਦੇਸ਼ ਵਿਚ ਵਸਦੇ ਪੰਜਾਬੀਆਂ ਵਿਚ ਵੀ ਪੰਜਾਬ ਲਈ ਓਨਾ ਹੀ ਦਰਦ ਹੈ ਜਿੰਨਾ ਕਿ ਪੰਜਾਬ ਬੈਠੇ ਪੰਜਾਬੀ ਲਈ । ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੂੰ ਬਿਨਾ ਦੇਰੀ ਕੀਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਕਿਸਾਨ ਹਿਤੈਸ਼ੀ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਦੇਸ਼ ਦਾ ਅੰਨ ਦਾਤਾ ਮਾੜੇ ਹਾਲਾਤਾਂ ਵਿੱਚੋਂ ਬਾਹਰ ਆ ਸਕੇ ।
ਇਹ ਰੈਲੀ ਕੋਰੋਨਾ ਵਾਇਰਸ ਦੀਆਂ ਆਸਟ੍ਰੇਲੀਅਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਹੀ ਕੀਤੀ ਗਈ ਸੀ । ਜਿਸ ਕਰਕੇ ਰੈਲੀ ਵਿਚ ਪਹੁੰਚਣ ਵਾਲੇ ਹਰ ਵਿਅਕਤੀ ਨੂੰ ਮਾਸਕ ਵੰਡੇ ਗਏ ਅਤੇ ਸੈਨੀਟਾਇਜ਼ਰ ਦੇ ਪ੍ਰਬੰਧ ਵੀ ਕੀਤੇ ਗਏ ਸਨ । ਇਸ ਮੌਕੇ ਬੈਨੀ ਥਾਂਦੀ, ਸੁਖਦੀਪ ਜੌਹਲ, ਤਰਨ ਮਾਨ, ਦੇਵ ਸਿੱਧੀ,ਗੁਰਨੀਤ ਗੁਰਾਇਆਂ, ਇੰਦਰਪ੍ਰੀਤ ਸਿੰਘ, ਜਸਜੋਤ ਬੇਨੀਪਾਲ, ਸੁਜਨੀਤ ਜੋਹਲ, ਲੱਖਾ ਥਾਂਦੀ, ਮਨੀ ਰੁੜਕੀ ,ਤਜਿੰਦਰ ਸਿੰਘ, ਰਾਜਨ ਆਦਿ ਹਾਜ਼ਰ ਸਨ ।