ਆਸਟ੍ਰੇਲੀਆ : ਰੇਡੀਓ ''ਹਾਂਜੀ'' ਦੀ 7ਵੀਂ ਵਰੇਗੰਢ ਮੌਕੇ ਲੱਗੀਆਂ ਰੌਣਕਾਂ
Wednesday, Apr 13, 2022 - 03:19 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਮਸ਼ਹੂਰ ਪੰਜਾਬੀ ਰੇਡੀਓ 'ਹਾਂਜੀ' ਵਲੋਂ ਬੀਤੇ ਸ਼ੁੱਕਰਵਾਰ ਬੰਜੀਲ ਪਲੇਸ, ਨਾਰੇ ਵਾਰਨ ਵਿਖੇ ਆਪਣੀ ਸੱਤਵੀਂ ਵਰੇਗੰਢ ਮਨਾਈ ਗਈ। ਇਸ ਮੌਕੇ ਰੇਡੀਓ ਹਾਂਜੀ ਵਲੋਂ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੁਆਤ ਸ਼ਬਦ ਗਾਇਨ ਨਾਲ ਕੀਤੀ ਗਈ ਅਤੇ ਉਸ ਤੋਂ ਬਾਅਦ ਡਾ. ਰਸਨਾ ਨੇ ਆਏ ਹੋਏ ਦਰਸ਼ਕਾਂ ਲਈ ਸਵਾਗਤੀ ਸ਼ਬਦ ਬੋਲੇ ਅਤੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ।
ਸੱਤ ਸਾਲ ਦੇ ਆਪਣੇ ਅਜੇ ਤੱਕ ਦੇ ਸਫ਼ਰ ਦੇ ਦੌਰਾਨ ਰੇਡੀਓ ਹਾਂਜੀ ਵਲੋਂ ਹਾਸਿਲ ਕੀਤੀਆਂ ਗਈਆਂ ਸਫਲਤਾਵਾਂ ਨੂੰ ਅਮਰਿੰਦਰ ਗਿੱਦਾ ਨੇ ਸਭ ਦੇ ਨਾਲ ਸਾਂਝਾ ਕੀਤਾ।ਨੋਨੀਆ ਦਯਾਲ ਵਲੋਂ ਜ਼ਿੰਦਗੀ ਚ ਅੱਗੇ ਵਧਣ ਦੇ ਲਈ ਲਾਜਵਾਬ ਤਕਰੀਰਾਂ ਕੀਤੀਆਂ ਗਈਆਂ। ਇਸਤੋਂ ਉਪਰੰਤ ਮੰਚ 'ਤੇ ਰੇਡੀਓ ਦੇ ਸੰਚਾਲਕ ਰਣਜੋਧ ਸਿੰਘ ਅਤੇ ਪੇਸ਼ਕਾਰ ਗੁਰਜੋਤ ਸੋਢੀ ਵਲੋਂ ਆਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਦਰਸ਼ਕਾਂ ਦੇ ਨਾਲ ਕਈ ਤਰ੍ਹਾਂ ਦੀਆਂ ਮਨੋਰੰਜਕ ਖੇਡਾਂ ਖੇਡੀਆਂ ਗਈਆਂ। ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਫੋਕ ਵੇਵ ਦੀ ਟੀਮ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਇਸ ਪ੍ਰੋਗਰਾਮ ਦੇ ਦੌਰਾਨ ਹਰਕੀਰਤ ਸਿੰਘ ਸੰਧਰ ਦੀ ਨਵੀਂ ਕਿਤਾਬ 'ਕਿਸਾਨ-ਨਾਮਾ' ਅਤੇ ਖੇਡ ਸਾਹਿਤਕਾਰ ਨਵਦੀਪ ਗਿੱਲ ਦੀ ਕਿਤਾਬ ਹਾਕੀ ਖਿਡਾਰੀਆਂ ਦੀਆਂ ਜੀਵਨੀਆਂ ਵਾਰੇ ਲਿਖੀ ਕਿਤਾਬ ਨੂੰ ਲੋਕ ਅਰਪਿਤ ਕੀਤਾ ਗਿਆ। ਪ੍ਰੋਗਰਾਮ ਚ ਸਮਰ ਗਾਬਾ ਵਲੋਂ ਲੋਕ ਰੰਗ ਦੇ ਗੀਤ ਪੇਸ਼ ਕੀਤੇ ਗਏ ਅਤੇ ਇਸੇ ਤਰਾਂ ਦੇਵਿੰਦਰ ਧਾਰੀਆ ਹੋਰਾਂ ਵਲੋਂ ਵੀ ਗੀਤਾਂ ਨਾਲ ਮਹਿਫ਼ਿਲ ਸਜਾਈ ਗਈ। ਰੇਡੀਓ ਹਾਂਜੀ ਦੇ ਪ੍ਰਬੰਧਕਾਂ ਵਲੋਂ ਪੈਕੇਨਹਮ ਵਿਖੇ ਰੇਡੀਓ ਦੇ ਨਵੇਂ ਸਟੂਡੀਓ ਨੂੰ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਨੇ ਵਿਸਾਖੀ ਮੌਕੇ ਦਿੱਤੀ ਵਧਾਈ
ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜੈਸਮੀਨ ਕੌਰ, ਸੁੱਖ ਪਰਮਾਰ, ਪੁਨੀਤ ਢੀਂਗਰਾ, ਵਿਸ਼ਾਲ ਵਿਜੇ ਸਿੰਘ, ਹਰਪ੍ਰੀਤ ਸ਼ੇਰਗਿੱਲ, ਕਰਮ, ਮਨਮੀਤ ਕੌਰ, ਗੌਤਮ ਕਪਿਲ ਅਤੇ ਸ਼ਾਇਨ ਵਲੋਂ ਵੀ ਅਦਾ ਕੀਤੀ ਗਈ। ਇਸ ਮੌਕੇ ਰੇਡੀਓ ਹਾਂਜੀ ਵਲੋਂ ਆਪਣੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਰੇਡੀਓ ਹਾਂਜੀ ਦੇ ਸਰੋਤਿਆਂ ਵਲੋਂ ਵੀ ਰੇਡੀਓ ਹਾਂਜੀ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰੇਡੀਓ 'ਹਾਂਜੀ' ਵਲੋਂ ਸਪਾਂਸਰਾਂ ਦਾ ਵੀ ਧੰਨਵਾਦ ਕੀਤਾ ਗਿਆ।ਰੇਡੀਓ 'ਹਾਂਜੀ' ਵਲੋਂ ਆਪਣੀ ਵਰੇਗੰਢ ਮੌਕੇ ਉਲੀਕੇ ਗਏ ਇਸ ਪ੍ਰੋਗਰਾਮ ਨੂੰ ਆਏ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।