ਆਸਟ੍ਰੇਲੀਆ ਹੜ੍ਹ : ਜਾਨ ਬਚਾਉਣ ਲਈ 10 ਘੰਟੇ ਤੱਕ ਰੁੱਖ ''ਤੇ ਟੰਗਿਆ ਰਿਹਾ ਸ਼ਖਸ

02/11/2020 4:20:32 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਜੰਗਲੀ ਅੱਗ ਦਾ ਕਹਿਰ ਖਤਮ ਹੋਣ ਦੇ ਬਾਅਦ ਹੁਣ ਲੋਕਾਂ ਨੂੰ ਇਕ ਨਵੀਂ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਜ਼ਬਰਦਸਤ ਹੜ੍ਹ ਦੇ ਬਾਅਦ ਇਕ ਵਿਅਕਤੀ ਜਾਨ ਬਚਾਉਣ ਲਈ ਉੱਚੇ ਰੁੱਖ ਨਾਲ ਲਟਕ ਗਿਆ। ਸ਼ਖਸ ਕਰੀਬ 10 ਘੰਟੇ ਤੱਕ ਉੱਥੇ ਫਸਿਆ ਰਿਹਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਘੱਟ ਦਬਾਅ ਦੀ ਪ੍ਰਣਾਲੀ ਬਣਨ ਨਾਲ ਨਿਊ ਸਾਊਥ ਵੇਲਜ਼ ਰਾਜ ਵਿਚ ਬੇਗਾ ਦੀ ਬਸਤੀ ਨੇੜੇ ਕਈ ਸੋਕਾ ਪ੍ਰਭਾਵਿਤ ਇਲਾਕਿਆਂ ਵਿਚ ਅਤੇ ਸੁੱਕੀਆਂ ਪਈਆਂ ਨਦੀਆਂ ਨੇੜੇ ਰਿਕਾਰਡ ਮੀਂਹ ਪੈ ਰਿਹਾ ਹੈ ਅਤੇ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ। 

ਸੋਮਵਾਰ ਸ਼ਾਮ ਕਰੀਬ 6 ਵਜੇ ਬ੍ਰੋਗੋ ਨਦੀ ਨੇੜਿਓਂ ਲੰਘ ਰਹੇ ਸ਼ਖਸ ਨੂੰ ਤੇਜ਼ੀ ਨਾਲ ਆਇਆ ਹੜ੍ਹ ਆਪਣੇ ਨਾਲ ਵਹਾ ਕੇ ਲੈ ਗਿਆ। ਜਾਨ ਬਚਾਉਣ ਲਈ ਸ਼ਖਸ ਰਸਤੇ ਵਿਚ ਆਏ ਇਕ ਰੁੱਖ ਨਾਲ ਲਟਕ ਗਿਆ। ਉਹ ਮੰਗਲਵਾਰ ਸਵੇਰੇ 4 ਵਜੇ ਤੱਕ ਉਸੇ ਰੁੱਖ 'ਤੇ ਲਟਕਿਆ ਰਿਹਾ। ਉੱਥੋਂ ਦੇ ਇਕ ਸਥਾਨਕ ਵਸਨੀਕ ਨੇ ਉਸ ਸ਼ਖਸ ਨੂੰ ਰੁੱਖ 'ਤੇ ਲਟਕਦੇ ਦੇਖਿਆ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਮਦਦ ਲਈ ਬੁਲਾਇਆ। ਸਥਾਨਕ ਰਾਜ ਐਮਰਜੈਂਸੀ ਸੇਵਾ ਦੇ ਕਮਾਂਡਰ ਮਿਸ਼ੇਲ ਡੀ ਫ੍ਰਿਸਬਾਸ ਨੇ ਦੱਸਿਆ ਕਿ ਜਦੋਂ ਅਸੀਂ ਸ਼ਖਸ ਨੂੰ ਉੱਥੋਂ ਬਚਾਇਆ ਤਾਂ ਉਸ ਦੀ ਸਥਿਤੀ ਠੀਕ ਨਹੀਂ ਸੀ। ਕਈ ਘੰਟੇ ਪਾਣੀ ਵਿਚ ਰਹਿਣ ਕਾਰਨ ਉਹ ਹਾਈਪੋਥਰਮੀਆ ਨਾਲ ਪੀੜਤ ਹੋ ਗਿਆ ਸੀ। 

PunjabKesari

ਭਾਵੇਂਕਿ ਪਾਣੀ ਇੰਨਾ ਠੰਡਾ ਨਹੀਂ ਸੀ। ਉਹ ਬਹੁਤ ਖੁਸ਼ਕਿਸਮਤ ਸੀ ਕਿ ਉਸ ਨੂੰ ਬਚਾ ਲਿਆ ਗਿਆ। ਮੌਸਮ ਵਿਗਿਆਨੀਆਂ ਨੇ ਜ਼ਿਆਦਾ ਗੰਭੀਰ ਮੌਸਮ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਹਫਤੇ ਦੇ ਅਖੀਰ ਵਿਚ ਮੌਸਮ ਹੋਰ ਖਰਾਬ ਹੋ ਸਕਦਾ ਹੈ ਜਿਸ ਨਾਲ ਐਮਰਜੈਂਸੀ ਸੇਵਾਵਾਂ 'ਤੇ ਹੋਰ ਜ਼ਿਆਦਾ ਦਬਾਅ ਪਵੇਗਾ। ਸੋਮਵਾਰ ਨੂੰ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਬੀਤੇ 4 ਦਿਨਾਂ ਵਿਚ ਸ਼ਹਿਰ ਵਿਚ 391.6 ਮਿਲੀਮੀਟਰ ਮੀਂਹ ਪਿਆ, ਜੋ ਫਰਵਰੀ 1990 ਦੇ ਬਾਅਦ ਸਭ ਤੋਂ ਵੱਧ ਹੈ। ਇੱਥੇ ਦੱਸ ਦਈਏ ਕਿ 1990 ਵਿਚ 414.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ।ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਏਜੰਸੀ ਨੇ ਨਦੀਆਂ ਵਿਚ ਹੜ੍ਹ ਦੇ ਖਤਰੇ ਸੰਬੰਧੀ ਵਿਸ਼ੇਸ਼ ਐਲਰਟ ਜਾਰੀ ਕੀਤੇ ਹਨ।


Vandana

Content Editor

Related News