ਹਰਜੀਤ ਲਸਾੜਾ ਤੀਸਰੀ ਵਾਰ ਬਣੇ ਕਨਵੀਨਰ
Wednesday, Nov 06, 2019 - 10:47 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵਿਚ ਬਣੀ ਸਥਾਨਕ ਕਮਿਊਨਿਟੀ ਰੇਡੀਓ ਫ਼ੋਰ ਈ.ਬੀ. ਜੋ ਕਿ ਪਿੱਛਲੇ ਕਈ ਦਹਾਕਿਆਂ ਤੋਂ ਸਥਾਨਕ ਤੇ ਵੱਖ-ਵੱਖ ਖਿੱਤਿਆਂ ਤੋਂ ਆ ਕੇ ਵਸੇ ਪ੍ਰਵਾਸੀਆਂ ਦੀਆਂ ਲੱਗਭਗ 50 ਦੇ ਕਰੀਬ ਭਾਸ਼ਾਵਾਂ ਦੇ ਬ੍ਰਾਡਕਾਸਟਰਾਂ (ਰੇਡੀਓ ਪੇਸ਼ਕਾਰਾਂ) ਨੂੰ ਵਿਦੇਸ਼ ਦੇ ਵਿਚ ਬਿਨ੍ਹਾਂ ਲਾਗਤ ਤੋਂ ਆਪਣੀ ਮਾਤ ਭਾਸ਼ਾ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਭਾਈਚਾਰਿਆਂ ਨੂੰ ਸਾਹਿਤਕ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਤੌਰ 'ਤੇ ਪੁਸ਼ਤੈਨੀ ਜੜ੍ਹਾਂ ਨਾਲ ਜੋੜਨ 'ਚ ਸਹਾਈ ਹੋ ਕੇ ਪ੍ਰਵਾਸੀਆਂ ਦਾ ਹਮਸਫ਼ਰ ਬਣਿਆ ਹੋਇਆ ਹੈ।
ਬੀਤੇ ਦਿਨੀ ਰੇਡੀਓ ਫ਼ੋਰ ਈ.ਬੀ. ਦੇ ਪੰਜਾਬੀ ਭਾਸ਼ਾ ਗਰੁੱਪ ਦੀ ਸਲਾਨਾ ਜਨਰਲ ਮੀਟਿੰਗ ਹੋਈ, ਜਿਸ 'ਚ ਹਾਜਰ ਮੈਂਬਰਾਨ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੱਛਲੇ ਲੰਬੇ ਅਰਸੇ ਤੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਰਜੀਤ ਲਸਾੜਾ ਨੂੰ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੁਚੱਜੇ ਕਾਰਜਾਂ ਲਈ ਤੀਸਰੀ ਵਾਰ ਫਿਰ ਕਨਵੀਨਰ ਚੁਣਿਆ ਗਿਆ। ਇਸ ਦੇ ਇਲਾਵਾ ਅਕਾਸ਼ਕਾ ਮੋਹਲਾ ਉੱਪ ਕਨਵੀਨਰ, ਦਵਿੰਦਰ ਕੌਰ ਸਕੱਤਰ, ਕਮਲਜੀਤ ਕੁਮਾਰ ਖਜ਼ਾਨਚੀ, ਰਸ਼ਪਾਲ ਹੇਅਰ ਮੁੱਖ ਸਲਾਹਕਾਰ, ਕ੍ਰਿਸ਼ਨ ਨਾਗੀਆਂ ਸਲਾਹਕਾਰ ਤੇ ਨਵਦੀਪ ਸਿੰਘ ਆਦਿ ਨੂੰ ਕਮੇਟੀ ਮੈਂਬਰ ਦੇ ਤੌਰ 'ਤੇ ਚੋਣ ਕੀਤੀ ਗਈ।
ਕਨਵੀਨਰ ਹਰਜੀਤ ਲਸਾੜਾ ਨੇ ਸਮੂਹ ਮੈਂਬਰਾਨ ਦਾ ਇਸ ਦਿੱਤੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਤੇ ਅਹਿਦ ਕੀਤਾ ਗਿਆ ਕਿ ਉਹ ਪੰਜਾਬੀ ਭਾਸ਼ਾ ਗਰੁੱਪ ਦੇ ਕਨਵੀਨਰ ਦੇ ਤੌਰ 'ਤੇ ਨਿਰਸਵਾਰਥ ਤੇ ਨਿਸ਼ਕਾਮ ਭਾਵਨਾ ਨਾਲ ਪ੍ਰਦੇਸੀ ਪੰਜਾਬੀਆਂ ਨੂੰ ਮਾਤ ਭਾਸ਼ਾ, ਸਾਹਿਤ, ਸੱਭਿਆਚਾਰਕ ਗੀਤ-ਸੰਗੀਤ, ਖ਼ਬਰਸਾਰ, ਨਿਰਪੱਖ ਤੇ ਪੁਖਤਾ ਜਾਣਕਾਰੀ ਸਰੋਤਿਆਂ ਨੂੰ ਰੇਡੀਓ ਦੀਆ ਤਰੰਗਾਂ ਰਾਹੀ ਪ੍ਰਦਾਨ ਕਰਦੇ ਹੋਏ, ਵਤਨ ਦੀ ਮਿੱਟੀ ਨਾਲ ਜੋੜ ਕੇ ਮਾਤ ਭਾਸ਼ਾ ਦੀ ਵਰਣਮਾਲਾ ਦੀ ਮਹਿਕ ਪੰਜਾਬੀ ਭਾਈਚਾਰੇ ਵਿਚ ਹਰ ਪਾਸੇ ਖਿਲਾਰਦੇ, ਵਿਦੇਸ਼ ਦੇ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ।
ਹਰਜੀਤ ਲਸਾੜਾ ਵਲੋਂ ਇਸ ਕਮਿਊਨਿਟੀ ਅਦਾਰੇ 'ਚ ਪਿਛਲੇ 29 ਸਾਲ ਤੋਂ ਕ੍ਰਿਸਨ ਨਾਗੀਆਂ ਸਾਬਕਾ ਕਨਵੀਨਰ ਤੇ ਰਸ਼ਪਾਲ ਸਿੰਘ ਹੇਅਰ ਡਾਇਰੈਕਟਰ ਦੇ ਤੌਰ 'ਤੇ ਸੇਵਾਵਾਂ ਲਈ ਪੰਜਾਬੀ ਭਾਈਚਾਰੇ ਦੀ ਤਰਫੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।ਗੌਰਤਾਲਬ ਹੈ ਕਿ ਹਰਜੀਤ ਲਸਾੜਾ ਨੂੰ ਇਸ ਸਾਲ ਆਪਣੀਆਂ ਕਮਿਊਨਟੀ ਸੇਵਾਵਾਂ ਲਈ ਸੰਸਥਾ 91231 2019 (ਇੰਡੀਅਨ ਆਸਟ੍ਰੇਲੀਅਨ ਬਿਜ਼ਨਸ ਕਮਿਊਨਿਟੀ ਅਵਾਰਡ) ਵੱਲੋਂ ਕਮਿਊਨਟੀ ਸੇਵਾਵਾਂ ਬਦਲੇ ਸਿਡਨੀ ਅਤੇ ਬ੍ਰਿਸਬੇਨ ਵਿਖੇ ਸਨਮਾਨ ਪੱਤਰ ਰਾਹੀਂ ਸਨਮਾਨਿਆ ਗਿਆ। ਉਹ ਹੋਪਿੰਗ ਈਰਾ ਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਜਿਹੇ ਸਨਮਾਨਯੋਗ ਤੇ ਵੱਕਾਰੀ ਸੰਸਥਾਵਾਂ ਦੇ ਪਹਿਲਾਂ ਹੀ ਪ੍ਰਬੰਧਕੀ ਮੈਂਬਰ ਹਨ ਤੇ ਹੁਣ ਰੇਡੀਓ ਫ਼ੋਰ ਈ. ਬੀ. ਦਾ ਕਨਵੀਨਰ ਦਾ ਅਹੁਦਾ ਤੀਸਰੀ ਵਾਰ ਫਿਰ ਮਿਲਣ 'ਤੇ ਉਨ੍ਹਾਂ ਨੂੰ ਤੇ ਸਮੁੱਚੀ ਨਵੀ ਬਣੀ ਕਮੇਟੀ ਨੂੰ ਵੱਖ-ਵੱਖ ਸਮਾਜਿਕ, ਧਾਰਮਿਕ, ਸਾਹਿਤਕ, ਰਾਜਨੀਤਕ, ਮੀਡੀਆਂ ਤੇ ਹੋਰ ਵੀ ਸੰਸਥਾਵਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।