ਆਸਟ੍ਰੇਲੀਆ ਚ ਕਿਸਾਨਾਂ ਦੇ ਹੱਕ ''ਚ ਵੱਡੇ ਰੋਸ ਪ੍ਰਦਰਸ਼ਨ (ਤਸਵੀਰਾਂ)
Sunday, Dec 06, 2020 - 06:06 PM (IST)
ਐਡੀਲੇਡ (ਕਰਨ ਬਰਾੜ): ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਬਿੱਲਾਂ ਦਾ ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੱਲੀ ਵਿਰੋਧ ਦੀ ਇਹ ਲਹਿਰ ਦੂਜੇ ਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ।
ਦੁਨੀਆ ਭਰ ਦੇ ਬਾਸ਼ਿੰਦਿਆਂ ਵੱਲੋਂ ਭਾਰਤ ਸਰਕਾਰ ਦੇ ਇਸ ਫ਼ੈਸਲੇ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨਾਂ ਦੀ ਇਕ ਲੜੀ ਤੁਰ ਪਈ ਹੈ।
ਐਡੀਲੇਡ ਵਿਚ ਕੱਲ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਵਿਚ ਵੱਡੇ ਰੋਸ ਪ੍ਰਦਰਸ਼ਨਾਂ ਦਾ ਲਗਾਤਾਰ ਤੀਜਾ ਦਿਨ ਸੀ। ਦਿੱਲੀ ਧਰਨੇ 'ਤੇ ਬੈਠੇ ਆਪਣੇ ਹਮਸਾਇਆਂ ਦੀ ਹਮਾਇਤ ਲਈ ਸ਼ਹਿਰ ਦੇ ਵਿਕਟੋਰੀਆ ਸਕੁਅੇਰ ਵਿੱਚ ਸਾਊਥ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਸਾਰੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਨੌਜਵਾਨਾਂ ਮੁੰਡਿਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਉਲੀਕੇ ਇਸ ਪ੍ਰੋਗਰਾਮ ਵਿਚ ਸਟੂਡੈਂਟ ਮੁੰਡੇ ਕੁੜੀਆਂ ਦਾ ਉਤਸ਼ਾਹ ਵੇਖਣ ਆਲਾ ਬਣਦਾ ਸੀ।
ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਲੋਕਾਂ ਨੇ ਬੈਨਰਾਂ, ਪੋਸਟਰਾਂ ਅਤੇ ਹੱਥ ਲਿਖਤ ਤਖ਼ਤੀਆਂ ਜਰੀਏ ਮੋਦੀ ਸਰਕਾਰ ਦੇ ਧੱਕੇ ਖ਼ਿਲਾਫ਼ ਆਪਣਾ ਰੋਸ ਪ੍ਰਗਟਾਵਾ ਕੀਤਾ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲਏ ਜਾਣ ਅਤੇ ਦੇਸ਼ ਦੇ ਕਿਸਾਨਾਂ ਨੂੰ ਆਪਣਾ ਬਣਦਾ ਹੱਕ ਦਿੱਤਾ ਜਾਵੇ।
ਰੋਸ ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਗੱਲ ਬਾਤ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਅਸੀਂ ਇਹਨਾਂ ਦੇਸ਼ਾਂ ਵਿੱਚ ਨਵੇਂ ਆਏ ਹਾਂ ਪਰ ਵੱਡਿਆਂ ਦੇ ਸਾਥ ਸਦਕਾ ਆਪਣੇ ਦੇਸ਼ ਦੇ ਕਿਸਾਨਾਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਰਹਾਂਗੇ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ
ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਕਿਸਾਨਾਂ ਦੀਆ ਮੰਗਾਂ ਨਾ ਮੰਨੀਆਂ ਤਾਂ ਆਉਣ ਆਲੇ ਦਿਨਾਂ ਵਿੱਚ ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ 'ਤੇ ਇਵੇਂ ਹੀ ਜਾਰੀ ਰਹਿਣਗੇ।
ਨੋਟ- ਆਸਟ੍ਰੇਲੀਆ ਚ ਕਿਸਾਨਾਂ ਦੇ ਹੱਕ 'ਚ ਵੱਡੇ ਰੋਸ ਪ੍ਰਦਰਸ਼ਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।