ਆਸਟ੍ਰੇਲੀਆ : ਮੈਲਬੌਰਨ ''ਚ ਸਿਡਨੀ ਤੋਂ ਪਹੁੰਚੀ ਫਲਾਈਟ, ਇਕ-ਦੂਜੇ ਨੂੰ ਮਿਲੇ ਪਰਿਵਾਰ
Monday, Nov 23, 2020 - 06:07 PM (IST)
ਮੈਲਬੌਰਨ (ਬਿਊਰੋ):: ਬੀਤੇ 4 ਮਹੀਨੇ ਤੋਂ ਕੋਰੋਨਾ ਦੀ ਆਪਦਾ ਕਾਰਨ ਮੈਲਬੌਰਨ ਅਤੇ ਸਿਡਨੀ ਦੇ ਹਵਾਈ ਅੱਡੇ ਬੰਦ ਸਨ। ਇਸ ਕਾਰਨ ਕਈ ਪਰਿਵਾਰ ਜਿੱਥੇ ਸੀ ਉਥੇ ਹੀ ਰਹਿ ਗਏ ਸਨ ਅਤੇ ਹੁਣ ਫਲਾਈਟਾਂ ਦੇ ਦੋਬਾਰਾ ਤੋਂ ਸ਼ੁਰੂ ਹੋਣ ਨਾਲ ਅੱਜ ਸਵੇਰੇ ਸਿਡਨੀ ਤੋਂ ਫਲਾਈਟ ਮੈਲਬੌਰਨ (ਕੰਤਾਸ ਕਿਊ ਐਫ 401 ਸਵੇਰੇ 7:25 ਤੇ) ਅਜਿਹੇ ਹੀ ਵਿਛੜੇ ਪਰਵਾਰਾਂ ਦੇ ਮੈਂਬਰਾਂ ਨੂੰ ਲੈ ਕੇ ਪਹੁੰਚੀ। ਇਸ ਮਗਰੋਂ ਸੈਂਕੜੇ ਹੀ ਪਰਿਵਾਰਾਂ ਦੇ ਆਪਸੀ ਮਿਲਾਪ ਵੇਲੇ ਮਾਹੌਲ ਕਾਫੀ ਭਾਵੁਕ ਹੋ ਗਿਆ।
ਅੱਜ ਸਿਡਨੀ ਤੋਂ ਪਹੁੰਚਣ ਵਾਲੀਆਂ 38 ਫਲਾਈਟਾਂ ਸੈਂਕੜੇ ਹੀ ਅਜਿਹੇ ਪਰਿਵਾਰਾਂ ਨੂੰ ਮਿਲਾਉਣਗੀਆਂ। ਇਨ੍ਹਾਂ ਫਲਾਈਟਾਂ ਨੂੰ ਆਪਣੇ ਪੂਰੇ ਸ਼ੈਡਿਊਲ ਵਿਚ ਆਉਣ ਲਈ ਹਾਲੇ ਥੋੜ੍ਹਾ ਸਮਾਂ ਹੋਰ ਲੱਗੇਗਾ ਕਿਉਂਕਿ ਇਸ ਕੋਰੋਨਾ ਬਿਮਾਰੀ ਤੋਂ ਪਹਿਲਾਂ ਰੁਟੀਨ ਦੀਆਂ 150 ਤੋਂ ਵੀ ਵੱਧ ਫਲਾਈਟਾਂ ਮੈਲਬੌਰਨ ਅਤੇ ਸਿਡਨੀ ਵਿਚਾਲੇ ਹਰ ਰੋਜ਼ ਉਡਾਣ ਭਰਦੀਆਂ ਸਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਫਲਾਈਟਾਂ ਰਾਹੀਂ ਬਾਹਰੀ ਦੇਸ਼ਾਂ ਵਿਚ ਫਸੇ ਹੋਏ ਲੋਕ ਆਪਣੇ ਘਰਾਂ ਨੂੰ ਮੁੜ ਰਹੇ ਹਨ ਅਤੇ ਇਨ੍ਹਾਂ ਵਿਚ ਤਾਂ ਕਈ ਬੱਚੇ ਵੀ ਅਜਿਹੇ ਹਨ ਜਿਨ੍ਹਾਂ ਨੇ ਤਕਰੀਬਨ 18 ਮਹੀਨਿਆਂ ਬਾਅਦ ਆਪਣੇ ਮਾਪਿਆਂ ਦੀ ਗੋਦ ਦਾ ਆਨੰਦ ਮਾਣਿਆ ਹੈ।
ਕਈ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਈਲੈਂਡ ਤੋਂ ਇੱਥੇ ਪਹੁੰਚਣ ਲਈ 15,000 ਡਾਲਰ ਦੀ ਰਕਮ ਖਰਚੀ ਹੈ ਅਤੇ ਹੁਣ ਆਪਣੇ ਘਰ ਪਹੁੰਚੇ ਹਨ। ਮੈਲਬੌਰਨ ਏਅਰਪੋਰਟ ਦੇ ਸੀ.ਈ.ਓ. ਲਾਇਲ ਸਟ੍ਰੈਂਬੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਕਈ ਮਹੀਨਿਆਂ ਬਾਅਦ ਕਰਮਚਾਰੀਆਂ ਨੇ ਏਅਰਪੋਰਟ 'ਤੇ ਆਪਣੀ ਹਾਜ਼ਰੀ ਭਰੀ ਹੈ ਅਤੇ ਹਰ ਪਾਸੇ ਇੱਕ ਖ਼ੁਸ਼ੀ ਦਾ ਮਾਹੌਲ ਹੈ।