ਆਸਟ੍ਰੇਲੀਆ ਨੇ ਅੱਤਵਾਦੀ ਸਾਜਿਸ਼ ਦੇ ਦੋਸ਼ੀ ਮੌਲਾਨਾ ਦੀ ਨਾਗਰਿਕਤਾ ਕੀਤੀ ਰੱਦ
Thursday, Nov 26, 2020 - 06:05 PM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਨੇ ਅਲਜੀਰੀਆ ਦੇ ਇਕ ਮੁਸਲਿਮ ਮੌਲਾਨਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ।ਮੌਲਾਨਾ ਨੂੰ 2005 ਵਿਚ ਮੈਲਬੌਰਨ ਦੇ ਇਕ ਫੁੱਟਬਾਲ ਮੈਚ ਦੇ ਦੌਰਾਨ ਬੰਬ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਸੈੱਲ ਦੀ ਅਗਵਾਈ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਬਦੁੱਲ ਨਸੀਰ ਬੇਨਬ੍ਰੀਕਾ ਅਜਿਹਾ ਪਹਿਲਾ ਨਾਗਰਿਕ ਹੈ ਜਿਸ ਦੀ ਨਾਗਰਿਕਤਾ ਆਸਟ੍ਰੇਲੀਆ ਵਿਚ ਰਹਿੰਦੇ ਹੋਏ ਰੱਦ ਕਰ ਦਿੱਤੀ ਗਈ ਹੈ। ਆਸਟ੍ਰੇਲੀਆ ਵਿਚ ਕਿਸੇ ਵੀ ਸ਼ਖਸ ਦੀ ਨਾਗਰਿਕਤਾ ਸਿਰਫ ਉਦੋਂ ਰੱਦ ਕੀਤੀ ਜਾਂਦੀ ਹੈ ਜਦੋਂ ਉਹ ਦੋ ਦੇਸ਼ਾਂ ਦਾ ਨਾਗਰਿਕ ਹੋਵੇ।
ਕਈ ਅੱਤਵਾਦੀ ਹਮਲੇ
ਦੇਸ਼ ਦੇ ਗ੍ਰਹਿ ਮੰਤਰੀ ਪੀਟਰ ਡਟਨ ਨੇ ਦੱਸਿਆ ਕਿ ਜੇਕਰ ਕੋਈ ਸ਼ਖਸ ਦੇਸ਼ ਨੂੰ ਅੱਤਵਾਦੀ ਖਤਰਾ ਪਹੁੰਚਾਏਗਾ ਤਾਂ ਉਸ ਨਾਲ ਕਾਨੂੰਨ ਦੇ ਤਹਿਤ ਹਰ ਸੰਭਵ ਢੰਗ ਨਾਲ ਨਜਿੱਠਿਆ ਜਾਵੇਗਾ। ਨਸੀਰ ਦੇ ਖਿਲਾਫ਼ ਤਿੰਨ ਅੱਤਵਾਦੀ ਕੇਸ ਸਨ। ਉਸ ਨੂੰ ਅੱਤਵਾਦੀ ਸੰਗਠਨ ਚਲਾਉਣ, ਅੱਤਵਾਦੀ ਸੰਗਠਨ ਦਾ ਹਿੱਸਾ ਬਣਨ ਅਤੇ ਅੱਤਵਾਦੀ ਹਮਲੇ ਦੀ ਯੋਜਨਾ ਨਾਲ ਜੁੜਿਆ ਸਾਮਾਨ ਰੱਖਣ ਦੇ ਲਈ 15 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਇਹ ਸਜ਼ਾ ਪੂਰੀ ਕਰਨ ਦੇ ਬਾਅਦ ਵੀ ਉਹ ਜੇਲ੍ਹ ਵਿਚ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਕਿਸਾਨ ਸੰਘਰਸ਼ ਨੂੰ ਐੱਨ.ਆਰ.ਆਈ. ਵੀਰਾਂ ਦਾ ਭਰਵਾਂ ਸਮਰਥਨ
ਦੇਸ਼ ਦੇ ਕਾਨੂੰਨ ਦੇ ਤਹਿਤ ਅੱਤਵਾਦੀ ਅਪਰਾਧ ਦੇ ਸ਼ੱਕ ਵਿਚ ਕਿਸੇ ਨੂੰ ਸਜ਼ਾ ਪੂਰੀ ਹੋਣ ਦੇ 3 ਸਾਲ ਬਾਅਦ ਤੱਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਨਸੀਰ ਦੇ ਵਕੀਲਾਂ ਨੇ ਇਸ ਦੇ ਖਿਲਾਫ਼ ਅਪੀਲ ਕੀਤੀ ਹੈ। ਉਹਨਾਂ ਕੋਲ ਵੀਜ਼ਾ ਰੱਦ ਕਰ ਕੇ ਅਲਜੀਰੀਆ ਪਰਤਣ ਦੇ ਖਿਲਾਫ਼ ਅਪੀਲ ਕਰਨ ਦੇ ਲਈ 90 ਦਿਨ ਦਾ ਸਮਾਂ ਹੈ।
ਇਕ ਹੋਰ ਮਾਮਲਾ
ਆਸਟ੍ਰੇਲੀਆ ਨੇ ਪਿਛਲੇ ਸਾਲ ਨੀਲ ਪ੍ਰਕਾਸ਼ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ ਜੋ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਦਾ ਰਿਕਰੂਟਰ ਹੈ। ਉਹ ਤੁਰਕੀ ਦੀ ਜੇਲ੍ਹ ਵਿਚ ਬੰਦ ਹੈ। ਆਸਟ੍ਰੇਲੀਆ ਦਾ ਕਹਿਣਾ ਸੀ ਕਿ ਉਹ ਫਿਜੀ ਦਾ ਵੀ ਨਾਗਰਿਕ ਹੈ ਪਰ ਫਿਜੀ ਨੇ ਇਸ ਤੋਂ ਇਨਕਾਰ ਕੀਤਾ ਸੀ।