ਆਸਟ੍ਰੇਲੀਆ ‘ਚ ਗੀਤਕਾਰ ਸੁਰਜੀਤ ਸੰਧੂ ਦੀ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਲੋਕ ਅਰਪਣ

09/20/2020 8:01:06 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)-ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਪਲੇਠੀ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ। ਇਸ ਬੈਠਕ ‘ਚ ਕਵੀਆਂ, ਲੇਖਕਾਂ, ਰੰਗਕਰਮੀਆਂ, ਪੱਤਰਕਾਰਾਂ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਵੱਲੋਂ ਸਮਾਜ ’ਚ ਅਜੋਕੀਆਂ ਚੁਣੌਤੀਆਂ ਵਿਸ਼ੇ ‘ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।

ਜਿਸ ’ਚ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ, ਮੀਤ ਪ੍ਰਧਾਨ ਸੁਰਜੀਤ ਸੰਧੂ, ਹਰਮਨਦੀਪ ਗਿੱਲ ਜਨਰਲ ਸਕੱਤਰ, ਹਰਜੀਤ ਕੌਰ ਸੰਧੂ ਸਕੱਤਰ, ਵਰਿੰਦਰ ਅਲੀਸ਼ੇਰ ਪ੍ਰੈੱਸ ਸਕੱਤਰ, ਦਲਜੀਤ ਸਿੰਘ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ ਅਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਆਦਿ ਵਲੋਂ ਆਪਣੀਆਂ-ਆਪਣੀਆਂ ਤਕਰੀਰਾਂ ‘ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਇਸੇ ਕੜੀ ਵਜੋਂ ਕੇਂਦਰ ਵਲੋਂ ਕੇਂਦਰੀ ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਸਰਕਾਰੀ ਭਾਸ਼ਾਵਾਂ ਦੀ ਜਾਰੀ ਕੀਤੀ ਸੂਚੀ ’ਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨਾ ਘੋਰ ਨਿੰਦਣਯੋਗ ਹੈ।

ਆਸਟ੍ਰੇਲੀਆ ‘ਚ ਖੇਤੀ ਬਿੱਲਾਂ ਤੇ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਨ ਦਾ ਵਿਰੋਧ  
ਉਨ੍ਹਾਂ ਅੱਗੇ ਕਿਹਾ ਇਥੇ ਹੀ ਨਹੀਂ ਹੁਣ ਕੇਂਦਰ ਸਰਕਾਰ ਖੇਤੀ ਆਰਡੀਨੈਂਸ/ਬਿੱਲ ਲਿਆ ਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਤਬਾਹ ਕਰਨ ਲਈ ਤੁਲੀ ਹੋਈ ਹੈ।ਉਨ੍ਹਾਂ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆਂ ਸਿਆਸੀ ਜਮਾਤਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਬਿੱਲ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਇਸ ਮੌਕੇ ਅਦੀਬਾ ਵੱਲੋਂ ਗੀਤਕਾਰ ਸੁਰਜੀਤ ਸੰਧੂ ਦੀ ਬਾਲ ਸਾਹਿਤ ਨਾਲ ਸਬੰਧਿਤ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਅਮਨ ਭੰਗੂ ਨੇ ‘ਨਿੱਕੇ-ਨਿੱਕੇ ਤਾਰੇ’ ਕਿਤਾਬ ਬਾਰੇ ਸਰਲ ਤੇ ਅਰਥ ਭਰਪੂਰ ਢੰਗ ਨਾਲ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ। ਮੰਚ ਦੇ ਸੰਚਾਲਨ ਦੀ ਭੂਮਿਕਾ ਹਰਮਨਦੀਪ ਗਿੱਲ ਵਲੋਂ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ’ਤੇ ਹਾਜ਼ਰੀਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਜਨਮ ਦਿਨ ’ਤੇ ਯਾਦ ਕੀਤਾ ਗਿਆ। ਸਮਾਗਮ ‘ਚ ਕਵੀਆਂ ਵਲੋਂ ਨਜ਼ਮਾਂ ਦੀ ਖੂਬਸੂਰਤ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ।


Karan Kumar

Content Editor

Related News