ਆਸਟਰੇਲੀਅਨ ਸਿੱਖਾਂ ਨੇ ''ਰੋਹਿੰਗੀਆ ਭਾਈਚਾਰੇ'' ਦੇ ਹੱਕ ਲਈ ਚੁੱਕੀ ਆਵਾਜ਼

09/08/2017 10:33:16 AM

ਸਿਡਨੀ— ਮਿਆਂਮਾਰ ਵਿੱਚ ਰੋਹਿੰਗੀਆ ਭਾਈਚਾਰੇ ਨਾਲ ਹੋ ਰਹੇ ਨਸਲਘਾਤ ਨੇ ਸਾਰੀ ਦੁਨੀਆ ਦਾ ਦਿਲ ਝਿੰਜੋੜ ਦਿੱਤਾ ਹੈ। ਆਸਟਰੇਲੀਆ 'ਚ ਰਹਿ ਰਹੇ ਸਿੱਖਾਂ ਨੇ ਵੀ ਇਸ ਭੇਦ-ਭਾਵ ਦੇ ਵਿਰੁੱਧ ਮੁਜ਼ਾਹਰਾ ਕੀਤਾ । ਇਸ 'ਚ ਸਥਾਨਕ ਰੋਹਿੰਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਵੀ ਸ਼ਾਮਲ ਹੋਈਆਂ। ਸ਼ਹਿਰ ਦੀ 'ਕੌਲਿਨ ਸਟਰੀਟ' ਉੱਤੇ ਹੋਏ ਇਸ ਮੁਜ਼ਾਹਰੇ 'ਚ ਕੌਮਾਂਤਰੀ ਭਾਈਚਾਰੇ ' ਨੂੰ ਇਸ ਜ਼ੁਰਮ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।

PunjabKesari
ਸਿੱਖ ਕਾਰਕੁੰਨ ਮਨਵੀਰ ਸਿੰਘ ਨੇ ਆਸਟਰੇਲੀਅਨ ਸਰਕਾਰ ਨੂੰ ਇਸ ਸੰਬੰਧੀ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਆਂਮਾਰ ਸਰਕਾਰ ਤੱਕ ਪਹੁੰਚ ਕਰਕੇ ਲੱਖਾਂ ਲੋਕਾਂ ਉੱਤੇ ਹੋ ਰਹੇ ਫ਼ੌਜੀ ਜੁਰਮ ਰੋਕਣ ਲਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਛੇਤੀ ਤੋਂ ਛੇਤੀ ਕਦਮ ਚੁੱਕਣ। ਉਨ੍ਹਾਂ ਮੰਗ ਕੀਤੀ ਕਿ ਮਿਆਂਮਾਰ ਨੂੰ ਜਾਂਦੀ ਵੱਡੀ ਆਰਥਿਕ ਮਦਦ ਉੱਤੇ ਪਾਬੰਦੀ ਲਗਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ੀ ਵਿਭਾਗ ਨੂੰ ਇੱਕ ਲਿਖਤੀ ਮੈਮੋਰੈਂਡਮ ਵੀ ਸੌਂਪਿਆ । 'ਮੀਰੀ-ਪੀਰੀ ਸੰਸਥਾ' ਵੱਲੋਂ ਰਵੀਇੰਦਰ ਸਿੰਘ ਨੇ ਮੁਜ਼ਾਹਰੇ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਕਿਸੇ ਵੀ ਭਾਈਚਾਰੇ ਨਾਲ ਹੋ ਰਿਹਾ ਇਸ ਤਰ੍ਹਾਂ ਦਾ ਅਨਿਆਂ ਅਸਹਿਣਯੋਗ ਹੈ।


Related News