ਪੰਜਾਬ ਕੇਸਰੀ ’ਤੇ ਹਮਲਾ: ਪ੍ਰੈੱਸ ਦੀ ਆਜ਼ਾਦੀ ’ਤੇ ਵਾਰ, ਯੂਐੱਨਓ-ਬ੍ਰਿਟਿਸ਼ ਐੱਮਪੀਜ਼ ਤੋਂ ਦਖ਼ਲ ਦੀ ਮੰਗ
Sunday, Jan 18, 2026 - 07:50 PM (IST)
ਲੰਡਨ, (ਸਰਬਜੀਤ ਸਿੰਘ ਬਨੂੜ)-ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਅਖ਼ਬਾਰ “ਪੰਜਾਬ ਕੇਸਰੀ” ਤੇ ਉਸਦੇ ਪੱਤਰਕਾਰਾਂ ਖ਼ਿਲਾਫ਼ ਚਲਾਈ ਜਾ ਰਹੀ ਧੱਕੇਸ਼ਾਹੀ ਮੁਹਿੰਮ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਬੇਨਕਾਬ ਹੋ ਗਈ ਹੈ। ਸਰਕਾਰ ਦੀਆਂ ਨਾਕਾਮੀਆਂ ਤੇ ਮਨਮਾਨੀਆਂ ਨੀਤੀਆਂ ਨੂੰ ਬੇਧੜਕ ਉਜਾਗਰ ਕਰਨ ਦੀ “ਸਜ਼ਾ” ਵਜੋਂ ਅਖ਼ਬਾਰ ਦੇ ਸਟਾਫ਼ ‘ਤੇ ਝੂਠੇ ਅਤੇ ਬਣਾਵਟੀ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਸਿਆਸੀ ਬਦਲੇ ਦੀ ਕਾਰਵਾਈ ਖ਼ਿਲਾਫ਼ ਹੁਣ ਸੰਯੁਕਤ ਰਾਸ਼ਟਰ (UNO) ਅਤੇ ਇੰਗਲੈਂਡ ਦੇ ਆਲ ਪਾਰਟੀ ਸੰਸਦ ਮੈਂਬਰਾਂ ਨੂੰ ਲਿਖਤੀ ਅਪੀਲਾਂ ਭੇਜ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ ਹੈ।
ਆਲ ਪਾਰਲੀਮੈਂਟ ਮੈਂਬਰਾਂ ਦੇ ਚੇਅਰਮੈਨ ਜੱਸ ਅਟਵਾਲ, ਪਹਿਲੇ ਸਿੱਖ ਐੱਮ ਪੀਜ਼ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਈ-ਮੇਲ ਰਾਹੀ ਖੁਲਾਸਾ ਕੀਤਾ ਗਿਆ ਹੈ ਕਿ ਕਿਵੇਂ ਪੰਜਾਬ ਕੇਸਰੀ ਸਮੂਹ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਪੰਜਾਬ ਪੁਲਸ ਨੂੰ ਸਰਕਾਰੀ ਹਥਿਆਰ ਬਣਾ ਕੇ ਪੱਤਰਕਾਰਾਂ ਤੇ ਹੋਰ ਸਟਾਫ਼ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।
ਅਪੀਲ ਵਿੱਚ ਦੋ ਟੁੱਕ ਕਿਹਾ ਗਿਆ ਹੈ ਕਿ ਭਾਰਤੀ ਰਾਜ ਵਿੱਚ ਪਹਿਲਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਪਰ ਹੁਣ ਭਗਵੰਤ ਮਾਨ ਸਰਕਾਰ ਨੇ ਲੋਕਤੰਤਰ ਦਾ ਨਕਾਬ ਉਤਾਰ ਕੇ ਸੱਚ ਲਿਖਣ ਵਾਲੀ ਪ੍ਰੈਸ ਨੂੰ ਹੀ ਚੁੱਪ ਕਰਵਾਉਣ ਦਾ ਰਾਹ ਅਪਣਾ ਲਿਆ ਹੈ। ਇਹ ਸਿਰਫ਼ ਇੱਕ ਅਖ਼ਬਾਰ ‘ਤੇ ਹਮਲਾ ਨਹੀਂ, ਸਗੋਂ ਬੋਲਣ ਦੀ ਆਜ਼ਾਦੀ ਅਤੇ ਲੋਕਤੰਤਰ ਦੇ ਗਲੇ ‘ਤੇ ਛੁਰੀ ਫੇਰਨ ਦੇ ਬਰਾਬਰ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਜੇ ਅੱਜ ਪੰਜਾਬ ਕੇਸਰੀ ਨੂੰ ਸਰਕਾਰੀ ਜ਼ੋਰ ਨਾਲ ਕੁਚਲਿਆ ਗਿਆ, ਤਾਂ ਕੱਲ੍ਹ ਪੰਜਾਬ ਵਿੱਚ ਕੋਈ ਵੀ ਪੱਤਰਕਾਰ ਸੱਚ ਲਿਖਣ ਦੀ ਹਿੰਮਤ ਨਹੀਂ ਕਰੇਗਾ। ਇਸ ਲਈ ਯੂਐੱਨਓ ਅਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤੀ ਤੇ ਪੰਜਾਬ ਸਰਕਾਰ ‘ਤੇ ਤੁਰੰਤ ਦਬਾਅ ਬਣਾਉਣ ਤਾਂ ਜੋ ਇਹ ਤਾਨਾਸ਼ਾਹੀ ਰੁਝਾਨ ਰੋਕਿਆ ਜਾ ਸਕੇ।
ਇਸ ਮਾਮਲੇ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਵਿੱਚ ਭਾਰੀ ਗੁੱਸਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕਤੰਤਰਪਸੰਦ ਹਲਕਿਆਂ ਦਾ ਕਹਿਣਾ ਹੈ ਕਿ ਇਹ ਹਮਲਾ ਸਿਰਫ਼ ਇੱਕ ਅਖ਼ਬਾਰ ‘ਤੇ ਨਹੀਂ, ਸਗੋਂ ਪੂਰੇ ਪੰਜਾਬ ਦੀ ਆਵਾਜ਼ ‘ਤੇ ਹੈ ਜੇ ਹੁਣ ਵੀ ਇਹ ਜ਼ੁਲਮ ਨਾ ਰੁਕਿਆ, ਤਾਂ ਪੰਜਾਬ ਵਿੱਚ ਸਿਰਫ਼ ਸਰਕਾਰੀ ਪ੍ਰਚਾਰ ਬਚੇਗਾ ਸੱਚ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
