ਉੱਤਰੀ ਕੋਰੀਆ ਦਾ ਪਰਮਾਣੂ ਪਰੀਖਣ ਹਿਰੋਸ਼ਿਮਾ ਦੇ ਮੁਕਾਬਲੇ 10 ਗੁਣਾ ਸ਼ਕਤੀਸ਼ਾਲੀ : ਜਾਪਾਨ

09/06/2017 6:00:10 PM

ਟੋਕਿਓ— ਜਾਪਾਨ ਨੇ ਉੱਤਰੀ ਕੋਰੀਆ ਵੱਲੋਂ ਹਾਲ ਹੀ ਵਿਚ ਕੀਤੇ ਪਰਮਾਣੂ ਪਰੀਖਣ ਬਾਰੇ ਬੁੱਧਵਾਰ ਨੂੰ ਦੱਸਿਆ ਕਿ ਇਸ ਦੀ ਸਮੱਰਥਾ ਤਕਰੀਬਨ 160 ਕਿਲੋਟਨ ਹੈ, ਜੋ ਹਿਰੋਸ਼ਿਮਾ ਬੰਬ ਤੋਂ 10 ਗੁਣਾ ਜ਼ਿਆਦਾ ਹੈ। ਜਾਪਾਨ ਨੇ ਦੂਜੀ ਵਾਰੀ ਇਸ ਪਰੀਖਣ ਦੀ ਸਮੱਰਥਾ ਬਾਰੇ ਸਮੀਖਿਆ ਕੀਤੀ ਹੈ। ਪਹਿਲਾਂ ਜਾਪਾਨ ਨੇ ਇਸ ਦੀ ਸਮੱਰਥਾ 70 ਅਤੇ 120 ਕਿਲੋਟਨ ਦੇ ਵਿਚ ਮਾਪੀ ਸੀ। ਰੱਖਿਆ ਮੰਤਰੀ ਇਤਸੁਨੋਰੀ ਅੋਨੋਡੇਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦਾ 160 ਕਿਲੋਟਨ ਦਾ ਅਨੁਮਾਨ ਵਿਆਪਕ ਪਰਮਾਣੂ ਪਰੀਖਣ ਪ੍ਰਤੀਬੰਧ ਸੰਧੀ ਸੰਗਠਨ (ਸੀ. ਟੀ. ਬੀ. ਟੀ. ਓ.) ਦੇ ਸੰਸ਼ੋਧਿਤ ਨਤੀਜੇ 'ਤੇ ਆਧਾਰਿਤ ਹੈ। 
ਅੋਨੋਡੇਰਾ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਪਹਿਲਾਂ ਹੋਏ ਪਰਮਾਣੂ ਪਰੀਖਣਾਂ ਮੁਕਾਬਲੇ ਵੱਧ ਸ਼ਕਤੀਸ਼ਾਲੀ ਹੈ।'' ਸਾਲ 1945 ਵਿਚ ਅਮਰੀਕਾ ਨੇ ਹਿਰੋਸ਼ਿਮਾ 'ਤੇ ਜੋ ਬੰਬ ਸੁੱਟਿਆ ਸੀ ਉਸ ਦੀ ਸਮੱਰਥਾ 15 ਕਿਲੋਟਨ ਸੀ। ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਨੂੰ ਅੋਨੋਡੇਰਾ ਨੇ ਅਮਰੀਕਾ ਦੇ ਰੱਖਿਆ ਮੰਤਰੀ ਜਿਸ ਮੈਟਿਸ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਉੱਤਰੀ ਕੋਰੀਆ 'ਤੇ ''ਪ੍ਰੱਤਖ ਦਬਾਅ'' ਵਧਾਉਣ 'ਤੇ ਸਹਮਤੀ ਜਾਹਰ ਕੀਤੀ। ਉੱਤਰੀ ਕੋਰੀਆ ਨੇ ਐਤਵਾਰ ਨੂੰ ਲੰਬੀ ਦੂਰੀ ਦੀ ਮਿਜ਼ਾਈਲ ਲਈ ਬਣਾਏ ਗਏ ਹਾਈਡ੍ਰੋਜਨ ਬੰਬ ਦਾ ਪਰੀਖਣ ਕੀਤਾ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੇ ਚਿੰਤਾ ਜਾਹਰ ਕੀਤੀ। 
ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਦਿਨਾਂ ਵਿਚ ਨਵੇਂ ਪ੍ਰਤੀਬੰਧਾਂ ਵਾਲਾ ਪ੍ਰਸਤਾਵ ਪੇਸ਼ ਕਰੇਗਾ ਪਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੰਗਲਵਾਰ ਨੂੰ ਅਮਰੀਕਾ ਦੀ ਮੰਗ ਰੱਦ ਕਰਦੇ ਹੋਏ ਕਿਹਾ ਕਿ ਹੋਰ ਆਰਥਿਕ ਪ੍ਰਤੀਬੰਧ ਲਗਾਉਣਾ ''ਵਿਅਰਥ'' ਹੈ। ਪੁਤਿਨ ਦੀ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਵਿਸ਼ਵ ਦੀ ਪ੍ਰਮੁੱਖ ਸ਼ਕਤੀਆਂ ਵਿਚ ਮਤਭੇਦ ਦੇਖਿਆ ਜਾ ਰਿਹਾ ਹੈ। ਰੂਸ ਅਤੇ ਚੀਨ ਇਸ ਮੁੱਦੇ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ ਵਿਰੁੱਧ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀਰਵਾਰ ਨੂੰ ਰੂਸੀ ਸ਼ਹਿਰ ਵਲਾਦਿਵੋਸਤੋਕ ਵਿਚ ਜਦੋਂ ਪੁਤਿਨ ਨਾਲ ਗੱਲਬਾਤ ਕਰਨਗੇ ਤਾਂ ਅਜਿਹੀ ਸੰਭਾਵਨਾ ਹੈ ਕਿ ਉਹ ਉੱਤਰੀ ਕੋਰੀਆ ਦੀ ਉਕਸਾਵੇ ਦੀ ਕਾਰਵਾਈ 'ਤੇ ਪੁਤਿਨ ਤੋਂ ਉਨ੍ਹਾਂ ਦਾ ਸਮਰਥਨ ਕਰਨ ਲਈ ਕਹਿਣਗੇ।


Related News