ਪੁਲਸ ਦੀ ਗੋਲੀ ਕਾਰਨ ਗੈਰ-ਗੋਰੇ ਵਿਅਕਤੀ ਦੀ ਮੌਤ ਮਗਰੋਂ ਅਟਲਾਂਟਾ ਪੁਲਸ ਮੁਖੀ ਨੇ ਦਿੱਤਾ ਅਸਤੀਫਾ
Sunday, Jun 14, 2020 - 12:45 PM (IST)
ਅਟਲਾਂਟਾ- ਨਸ਼ੇ ਵਿਚ ਵਾਹਨ ਚਲਾਉਣ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਜਾਣ ਦੌਰਾਨ ਇੱਥੇ ਹੋਏ ਸੰਘਰਸ਼ ਵਿਚ ਇਕ ਗੈਰ-ਗੋਰੇ ਵਿਅਕਤੀ ਦੀ ਪੁਲਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ ਅਟਲਾਂਟਾ ਪੁਲਸ ਮੁਖੀ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੇ ਅਧਿਕਾਰੀ ਦੀ ਬੰਦੂਕ ਖੋਹ ਲਈ ਸੀ ਤੇ ਜਦ ਉਹ ਭੱਜ ਰਿਹਾ ਸੀ ਤਾਂ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਨਸ਼ੇ ਵਿਚ ਵਾਹਨ ਚਲਾਉਂਦੇ 27 ਸਾਲਾ ਗੈਰ-ਗੋਰੇ ਵਿਅਕਤੀ ਰੇਸ਼ਾਰਡ ਬਰੂਕਸ ਦੀ ਪੁਲਸ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੇ ਬਾਅਦ ਅਟਲਾਂਟਾ ਵਿਚ ਵਿਰੋਧ ਪ੍ਰਦਰਸ਼ਨ ਹੋਇਆ। ਇਸ ਦੇ ਬਾਅਦ ਪੁਲਸ ਮੁਖੀ ਐਰਿਕਾ ਸ਼ੀਲਜ਼ ਨੇ ਅਸਤੀਫਾ ਦੇ ਦਿੱਤਾ।
ਜਾਰਜੀਆ ਜਾਂਚ ਬਿਊਰੋ ਦੇ ਨਿਰਦੇਸ਼ਕ ਵਿਕ ਰੇਨਾਲਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਵੈਂਡੀ ਰੈਸਟੋਰੈਂਟ ਦੇ ਬਾਹਰ ਹੋਈ ਇਹ ਘਟਨਾ ਸੁਰੱਖਿਆ ਲਈ ਲੱਗੇ ਕੈਮਰਿਆਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਮੋਬਾਇਲਾਂ ਵਿਚ ਕੈਦ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ ਅਤੇ ਨੇੜਲੇ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ। ਅਟਲਾਂਟਾ ਦੀ ਮੇਅਰ ਕੀਸ਼ਾ ਬਾਟਮਜ਼ ਨੇ ਸ਼ਨੀਵਾਰ ਦੁਪਿਹਰ ਨੂੰ ਪੁਲਸ ਮੁਖੀ ਦੇ ਅਸਤੀਫੇ ਦੀ ਘੋਸ਼ਣਾ ਕੀਤੀ। ਮੇਅਰ ਨੇ ਬਰੂਕਸ 'ਤੇ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਵੀ ਉਸ ਸਮੇਂ ਬਰਖਾਸਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਪੁਲਸ ਮੁਖੀ ਐਰਿਕਾ ਸ਼ੀਲਜ਼ ਨੇ ਅਸਤੀਫਾ ਦੇਣ ਦਾ ਫੈਸਲਾ ਖੁਦ ਕੀਤਾ।
ਜੀ. ਬੀ. ਆਈ. ਨੇ ਦੱਸਿਆ ਕਿ ਅਟਲਾਂਟਾ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਰ ਵਿਚ ਸੌਂ ਰਹੇ ਇਕ ਵਿਅਕਤੀ ਨੇ ਰੈਸਟੋਰੈਂਟ ਦੇ ਬਾਹਰ ਸੜਕ ਰੋਕ ਰੱਖੀ ਹੈ, ਜਿਸ ਦੇ ਬਾਅਦ ਪੁਲਸ ਉੱਥੇ ਪੁੱਜੀ ਅਤੇ ਬਰੂਕਸ ਅਤੇ ਪੁਲਸ ਵਿਚਕਾਰ ਟਕਰਾਅ ਹੋਇਆ। ਬਰੂਕਸ ਨਸ਼ੇ ਵਿਚ ਸੀ ਅਤੇ ਉਸ ਨੇ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਰੂਕਸ ਨੇ ਤੀਜੇ ਪੁਲਸ ਅਧਿਕਾਰੀ ਦੀ ਬੰਦੂਕ ਖੋਹ ਲਈ ਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੇ ਭੱਜਦੇ ਸਮੇਂ ਇਕ ਅਧਿਕਾਰੀ 'ਤੇ ਇਹ ਤਾਣ ਦਿੱਤੀ, ਜਿਸ ਦੇ ਬਾਅਦ ਅਧਿਕਾਰੀ ਨੇ ਉਸ 'ਤੇ 3 ਗੋਲੀਆਂ ਚਲਾਈਆਂ। ਬਰੂਕਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਸੀ। ਪੁਲਸ ਉਸ ਦੀ ਕਾਰ ਤੱਕ ਗਈ ਤੇ ਕਾਰ ਖੜ੍ਹੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਨੂੰ ਕਾਰ ਤੋਂ ਬਾਹਰ ਖਿੱਚਿਆ ਅਤੇ ਉਸ ਨਾਲ ਹੱਥੋ-ਪਾਈ ਸ਼ੁਰੂ ਕਰ ਦਿੱਤੀ। ਬਰੂਕਸ ਨੇ ਬੰਦੂਕ ਫੜ ਕੇ ਰੱਖੀ ਸੀ ਤੇ ਉਹ ਭੱਜ ਰਿਹਾ ਸੀ। ਕ੍ਰਿਸਟਲ ਨੇ ਮੰਗ ਕੀਤੀ ਕਿ ਇਸ ਘਟਨਾ ਵਿਚ ਸ਼ਾਮਲ ਅਧਿਕਾਰੀਆਂ ਨੂੰ ਜੇਲ ਭੇਜਿਆ ਜਾਣਾ ਚਾਹੀਦਾ ਹੈ।