ਪਾਕਿਸਤਾਨ 'ਚ ਦੋ ਆਤਮਘਾਤੀ ਧਮਾਕਿਆਂ 'ਚ ਘੱਟੋ-ਘੱਟ 55 ਲੋਕਾਂ ਦੀ ਮੌਤ
Friday, Sep 29, 2023 - 05:58 PM (IST)

ਕਰਾਚੀ (ਭਾਸ਼ਾ) ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਸ਼ੁੱਕਰਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਇਕ ਮਸਜਿਦ ਨੇੜੇ ਆਪਣੇ ਆਪ ਨੂੰ ਉਡਾ ਲਿਆ, ਜਿਸ ਵਿਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵਧੇਰੇ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ 'ਚ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ 'ਈਦ-ਏ-ਮਿਲਾਦ ਉਨ ਨਬੀ' ਮਨਾਉਣ ਲਈ ਮਸਜਿਦ ਦੇ ਬਾਹਰ ਰੈਲੀ ਲਈ ਇਕੱਠੇ ਹੋਏ ਸਨ। ਇਸ ਧਮਾਕੇ ਦੇ ਕੁਝ ਘੰਟਿਆਂ ਬਾਅਦ ਖੈਬਰ ਪਖਤੂਨਖਵਾ ਦੇ ਹੰਗੂ ਸ਼ਹਿਰ ਦੀ ਇਕ ਹੋਰ ਮਸਜਿਦ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਕਿਸੇ ਸਮੂਹ ਨੇ ਨਹੀਂ ਲਈ ਹਮਲੇ ਦੀ ਜ਼ਿੰਮੇਵਾਰੀ
ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਦੇ ਅਲ ਫਲਾਹ ਰੋਡ 'ਤੇ ਮਦੀਨਾ ਮਸਜਿਦ ਨੇੜੇ ਇਹ ਧਮਾਕਾ ਹੋਇਆ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਆਤਮਘਾਤੀ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਰੈਲੀ ਦੌਰਾਨ ਡਿਊਟੀ 'ਤੇ ਮੌਜੂਦ ਮਸਤੁੰਗ ਦੇ ਡਿਪਟੀ ਸੁਪਰਡੈਂਟ ਆਫ ਪੁਲਸ (ਡੀਐੱਸਪੀ) ਨਵਾਜ਼ ਗਸ਼ਕੋਰੀ ਵੀ ਸ਼ਾਮਲ ਸਨ। ਇਹ ਧਮਾਕਾ ਮਸਜਿਦ ਨੇੜੇ ਉਸ ਸਮੇਂ ਹੋਇਆ ਜਦੋਂ ਲੋਕ ਈਦ-ਮਿਲਾਦ-ਉਨ-ਨਬੀ ਦੇ ਮੌਕੇ ਇਕੱਠੇ ਹੋਏ ਸਨ। ਈਦ-ਮਿਲਾਦ ਉਨ ਨਬੀ ਦਾ ਤਿਉਹਾਰ ਪੈਗੰਬਰ ਮੁਹੰਮਦ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ। ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਮੁਹੰਮਦ ਜਾਵੇਦ ਲਹਿਰੀ ਨੇ ਕਿਹਾ ਕਿ ਇਹ ਇੱਕ "ਆਤਮਘਾਤੀ ਧਮਾਕਾ" ਸੀ ਅਤੇ ਹਮਲਾਵਰ ਨੇ ਇੱਕ ਪੁਲਸ ਅਧਿਕਾਰੀ ਦੀ ਗੱਡੀ ਦੇ ਕੋਲ ਆਪਣਾ ਬੰਬ ਧਮਾਕਾ ਕੀਤਾ।
ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ
ਇਹ ਧਮਾਕਾ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਵੱਲੋਂ ਮਸਤੁੰਗ ਜ਼ਿਲ੍ਹੇ ਵਿੱਚ ਇਸਲਾਮਿਕ ਸਟੇਟ (ਆਈਐਸ) ਦੇ ਇੱਕ ਅਹਿਮ ਕਮਾਂਡਰ ਨੂੰ ਮਾਰਨ ਤੋਂ ਇੱਕ ਦਿਨ ਬਾਅਦ ਹੋਇਆ ਹੈ। ਲਹਿਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੈਡੀਕਲ ਸੈਂਟਰਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਜਦਕਿ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਮਸਤੁੰਗ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਰਾਸ਼ਿਦ ਮੁਹੰਮਦ ਸਈਦ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ
ਬਲੋਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ ਕਿ ਬਚਾਅ ਟੀਮਾਂ ਨੂੰ ਮਸਤੁੰਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ ਕਵੇਟਾ ਭੇਜਿਆ ਜਾ ਰਿਹਾ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਉਸ ਨੇ ਕਿਹਾ, “ਦੁਸ਼ਮਣ, ਵਿਦੇਸ਼ੀ ਸ਼ਕਤੀਆਂ ਦੀ ਸਰਪ੍ਰਸਤੀ ਹੇਠ, ਬਲੋਚਿਸਤਾਨ ਵਿੱਚ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਤਬਾਹ ਕਰਨਾ ਚਾਹੁੰਦਾ ਹੈ। ਇਹ ਧਮਾਕਾ ਅਸਹਿ ਹੈ।'' ਨਿਗਰਾਨ ਮੁੱਖ ਮੰਤਰੀ ਅਲੀ ਮਰਦਾਨ ਡੋਮਕੀ ਨੇ ਅਧਿਕਾਰੀਆਂ ਨੂੰ ਧਮਾਕੇ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਸ ਨੇ ਕਿਹਾ, “ਦੋਸ਼ੀ ਰਹਿਮ ਦੇ ਹੱਕਦਾਰ ਨਹੀਂ ਹਨ। ਸ਼ਾਂਤਮਈ ਜਲੂਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।'' ਮੁੱਖ ਮੰਤਰੀ ਨੇ ਲੋਕਾਂ ਨੂੰ ਅੱਤਵਾਦ ਵਿਰੁੱਧ ਇਕਜੁੱਟ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸਲਾਮ ਸ਼ਾਂਤੀ ਦਾ ਧਰਮ ਹੈ ਅਤੇ “ਜਿਨ੍ਹਾਂ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਮੁਸਲਮਾਨ ਨਹੀਂ ਕਿਹਾ ਜਾ ਸਕਦਾ।” ਡੋਮਕੀ ਨੇ ਇਸ ਘਟਨਾ ਨੂੰ ਲੈ ਕੇ ਸੂਬੇ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਮੈਨੀਟੋਬਾ 'ਚ ਵਿਧਾਨ ਸਭਾ ਚੋਣਾਂ 3 ਅਕਤੂਬਰ ਨੂੰ, ਕਈ ਪੰਜਾਬੀ ਅਜਮਾ ਰਹੇ ਕਿਸਮਤ
ਸ਼ਹਿਬਾਜ਼ ਸ਼ਰੀਫ ਨੇ ਹਮਲੇ ਦੀ ਕੀਤੀ ਨਿੰਦਾ
ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਬੁਗਤੀ ਨੇ ਕਿਹਾ, ''ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ।'' ਉਨ੍ਹਾਂ ਕਿਹਾ ਕਿ ਬਚਾਅ ਮੁਹਿੰਮ ਦੌਰਾਨ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅੱਤਵਾਦੀ ਕਿਸੇ ਰਹਿਮ ਦੇ ਹੱਕਦਾਰ ਨਹੀਂ ਹਨ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੈਗੰਬਰ ਮੁਹੰਮਦ ਦੇ ਜਨਮ ਦਿਨ 'ਤੇ ਇਸ ਤਰ੍ਹਾਂ ਦੀ ਨਿੰਦਣਯੋਗ ਕਾਰਵਾਈ ਨੂੰ ਘਿਣਾਉਣਾ ਕਰਾਰ ਦਿੱਤਾ। ਉਨ੍ਹਾਂ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਬਲੋਚਿਸਤਾਨ ਵਿੱਚ ਹਮਲੇ ਤੋਂ ਬਾਅਦ ਪੰਜਾਬ ਸੂਬਾਈ ਪੁਲਸ ਨੇ ਕਿਹਾ ਕਿ ਇਸ ਦੇ "ਮਿਹਨਤ ਕਰਨ ਵਾਲੇ ਅਧਿਕਾਰੀ" ਪੂਰੇ ਸੂਬੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਸਜਿਦਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾ ਰਹੇ ਸਨ।
ਕਰਾਚੀ ਪੁਲਸ ਨੇ ਕਿਹਾ ਕਿ ਐਡੀਸ਼ਨਲ ਇੰਸਪੈਕਟਰ ਜਨਰਲ ਖਾਦਿਮ ਹੁਸੈਨ ਰਿੰਦ ਨੇ ਮਸਤੁੰਗ ਕਾਂਡ ਦੇ ਮੱਦੇਨਜ਼ਰ ਪੁਲਸ ਨੂੰ ਪੂਰੀ ਤਰ੍ਹਾਂ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪੁਲਸ ਨੂੰ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਅਤੇ ਸ਼ੁੱਕਰਵਾਰ ਦੀ ਨਮਾਜ਼ ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਅਤੇ ਕਿਸੇ ਵੀ ਅਸਾਧਾਰਨ ਗਤੀਵਿਧੀ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਜੀਓ ਨਿਊਜ਼ ਨੇ ਦੱਸਿਆ ਕਿ ਮਸਤੁੰਗ ਵਿੱਚ ਪਿਛਲੇ 15 ਦਿਨਾਂ ਵਿੱਚ ਇਹ ਦੂਜਾ ਵੱਡਾ ਧਮਾਕਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਮਸਤੁੰਗ ਵਿਚ ਹੀ ਇਕ ਧਮਾਕੇ ਵਿਚ 11 ਲੋਕ ਮਾਰੇ ਗਏ ਸਨ। ਮਸਤਾਂਗ ਪਿਛਲੇ ਕਈ ਸਾਲਾਂ ਤੋਂ ਅੱਤਵਾਦੀ ਹਮਲਿਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ। ਜੁਲਾਈ 2018 ਵਿੱਚ ਜ਼ਿਲ੍ਹੇ ਵਿੱਚ ਇੱਕ ਵੱਡੇ ਹਮਲੇ ਵਿੱਚ ਘੱਟੋ-ਘੱਟ 128 ਲੋਕ ਮਾਰੇ ਗਏ ਸਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਸੰਘੀ ਸਰਕਾਰ ਨਾਲ ਜੰਗਬੰਦੀ ਖ਼ਤਮ ਕਰ ਦਿੱਤੀ ਹੈ ਅਤੇ ਆਪਣੇ ਅੱਤਵਾਦੀਆਂ ਨੂੰ ਦੇਸ਼ ਭਰ 'ਚ ਹਮਲੇ ਕਰਨ ਦਾ ਹੁਕਮ ਦਿੱਤਾ ਹੈ। ਅਲ-ਕਾਇਦਾ ਦੇ ਕਰੀਬੀ ਮੰਨੇ ਜਾਂਦੇ ਇਸ ਸਮੂਹ ਨੂੰ ਪਾਕਿਸਤਾਨ ਵਿੱਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।