ਮੈਕਸੀਕੋ ’ਚ ਹੁਣ ਤੱਕ ਮਾਰ ਦਿੱਤੀਆਂ ਗਈਆਂ ਜਾਂ ਲਾਪਤਾ ਹੋਈਆਂ ਹਨ 24,000 ਔਰਤਾਂ
Tuesday, Apr 26, 2022 - 01:05 PM (IST)

ਮੈਕਸੀਕੋ ਸਿਟੀ (ਏ.ਪੀ.)- ਮੈਕਸੀਕੋ ਦੇ ਉੱਤਰੀ ਸ਼ਹਿਰ ਮਾਨਟੇਰੇ ਵਿਚ 18 ਸਾਲਾ ਇਕ ਕੁੜੀ ਦੀ ਹੱਤਿਆ ਦੇ ਵਿਰੋਧ ਵਿਚ ਵੱਡੀ ਗਿਣਤੀ ’ਚ ਔਰਤਾਂ ਨੇ ਮੈਕਸੀਕੋ ਸਿਟੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਉਪਨਗਰੀ ਨੇਜਾਹੁਆਲਕੋਯੋਟ ਵਿਚ ਵੀ ਮਾਰਚ ਕੱਢਿਆ ਜਿਥੇ ਪਿਛਲੇ ਹਫ਼ਤੇ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਤਸੀਹੇ ਲਈ ਨਹੀਂ’ ਤੇ ‘ਮੈਕਸੀਕੋ ਸਮੂਹਿਕ ਕਬਰਗਾਹ ਹੈ’ ਵਰਗੇ ਨਾਅਰੇ ਲਿਖੇ ਹੋਏ ਸਨ। ਵਿਖਾਵਾਕਾਰੀਆਂ ਨੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਸਨ ਜਿਨ੍ਹਾਂ ਵਿਚ ਔਰਤ ਦੇਬਾਨਹੀ ਏਸਕੋਬਾ ਦਾ ਜ਼ਿਕਰ ਸੀ। ਉਸਦੀ ਲਾਸ਼ ਵੀਰਵਾਰ ਨੂੰ ਇਕ ਹੋਟਲ ਵਿਚ ਮਿਲੀ ਸੀ, ਜੋ 2 ਹਫ਼ਤੇ ਤੋਂ ਲਾਪਤਾ ਸੀ। ਇਹ ਲੋਕ ‘ਇਨਸਾਫ-ਇਨਸਾਫ’ ਦੇ ਨਾਅਰੇ ਲਗਾ ਰਹੇ ਸਨ। ਕੁਝ ਪੋਸਟਰਾਂ ’ਤੇ ਲਿਖਿਆ ਸੀ ਕਿ 24,000 ਔਰਤਾਂ ਲਾਪਤਾ ਹਨ। ਮੈਕਸੀਕੋ ਵਿਚ ਕੁਲ ਮਿਲਾ ਕੇ ਇਕ ਲੱਖ ਤੋਂ ਜ਼ਿਆਦਾ ਲੋਕ ਲਾਪਤਾ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੀ ਫ਼ੌਜ 'ਚ ਕੱਟੜਪੰਥੀਆਂ ਦੀ ਘੁਸਪੈਠ : ਅਨੀਤਾ ਆਨੰਦ
ਹਰ ਸਾਲ ਵਧ ਰਹੀਆਂ ਹਨ ਔਰਤਾਂ ਦੀਆਂ ਹੱਤਿਆਵਾਂ ਦੀ ਗਿਣਤੀ
ਮੈਕਸੀਕੋ ਵਿਚ ਹਾਲ ਦੇ ਸਾਲਾਂ ਵਿਚ ਔਰਤਾਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਸਾਲ 2020 ਵਿਚ ਇਨ੍ਹਾਂ ਦੀ ਗਿਣਤੀ 97 ਸੀ ਜੋ ਸਾਲ 2021 ਵਿਚ ਵਧ ਕੇ 1,015 ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 1600 ਔਰਤਾਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਮਨੁੱਖੀ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਪੁਲਸ ਅਤੇ ਸਰਕਾਰੀ ਵਕੀਲ ਮੱਠੀ ਚਾਲੇ ਕੰਮ ਕਰ ਰਹੇ ਹਨ ਅਤੇ ਮਾਮਲਿਆਂ ਦੀ ਜਾਂਚ ਵਿਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ ਹਨ।