ਬੰਗਲਾਦੇਸ਼ ''ਚ ਕਿਸ਼ਤੀ ਡੁੱਬਣ ਕਾਰਣ 17 ਲੋਕਾਂ ਦੀ ਮੌਤ
Wednesday, Aug 05, 2020 - 09:54 PM (IST)
ਢਾਕਾ: ਬੰਗਲਾਦੇਸ਼ ਦੇ ਉੱਤਰੀ ਖੇਤਰ ਵਿਚ ਬੁੱਧਵਾਰ ਨੂੰ ਮਦਰਸਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਸਣੇ ਤਕਰੀਬਨ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਡੁੱਬਣ ਕਾਰਣ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਢਾਕਾ ਟ੍ਰਿਬਿਊਨ ਦੇ ਮੁਤਾਬਕ ਨੇਤ੍ਰੋਕੋਨਾ ਜ਼ਿਲਾ ਦੇ ਮਦਾਨ ਉਪਜ਼ਿਲਾ ਵਿਚ ਇਹ ਘਟਨਾ ਹੋਈ।
ਮਦਰਸਾ ਦੇ ਵਿਦਿਆਰਥੀ ਤੇ ਅਧਿਆਪਕਾਂ ਲਣੇ ਕੁੱਲ 48 ਲੋਕ ਮੇਮੇਨਸਿੰਘ ਵਿਚ ਕਿਸ਼ਤੀ 'ਤੇ ਸਵਾਰ ਹੋਏ ਸਨ। ਮਦਾਨ ਉਪਜ਼ਿਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 17 ਲਾਸ਼ਾਂ ਬਰਾਮਦ ਹੋਈਆਂ ਹਨ ਤੇ 30 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਇਕ ਯਾਤਰੀ ਅਜੇ ਲਾਪਤਾ ਹੈ। ਫਿਲਹਾਲ ਘਟਨਾ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬੰਗਲਾਦੇਸ਼ ਵਿਚ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿੰਦੇ ਹਨ। ਕਿਸ਼ਤੀ ਦੇ ਸੰਚਾਲਨ ਵਿਚ ਸੁਰੱਖਿਆ ਮਾਨਕਾਂ ਦੀ ਅਣਦੇਖੀ, ਲਾਪਰਵਾਹੀ ਨਾਲ ਸੰਚਾਲਨ ਦੇ ਕਾਰਣ ਅਕਸਰ ਇਸ ਤਰ੍ਹਾਂ ਹਾਦਸੇ ਹੁੰਦੇ ਹਨ। ਵਧੇਰੇ ਮਾਮਲਿਆਂ ਵਿਚ ਪਾਇਆ ਜਾਂਦਾ ਹੈ ਕਿ ਕਿਸ਼ਤੀ 'ਤੇ ਸਮਰਥਾ ਤੋਂ ਵਧੇਰੇ ਲੋਕ ਸਵਾਰ ਹੁੰਦੇ ਸਨ। ਜੂਨ ਵਿਚ ਰਾਜਧਾਨੀ ਢਾਕਾ ਦੇ ਕੋਲ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ 32 ਲੋਕਾਂ ਦੀ ਮੌਤ ਹੋ ਗਈ ਸੀ।