ਅਸ਼ੋਕ ਬਾਂਸਲ ਦੀ ਪੁਸਤਕ ''ਲੱਭ ਜਾਣਗੇ ਲਾਲ ਗੁਆਚੇ'' ਫਰਿਜ਼ਨੋ ‘ਚ ਲੋਕ ਅਰਪਿਤ

Monday, Apr 21, 2025 - 10:00 PM (IST)

ਅਸ਼ੋਕ ਬਾਂਸਲ ਦੀ ਪੁਸਤਕ ''ਲੱਭ ਜਾਣਗੇ ਲਾਲ ਗੁਆਚੇ'' ਫਰਿਜ਼ਨੋ ‘ਚ ਲੋਕ ਅਰਪਿਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਗੀਤ ਸੰਗੀਤ ਦੇ, ਖ਼ਾਸਕਰ ਗੀਤਕਾਰਾਂ ਨਾਲ ਡਾਢਾ ਮੋਹ ਰੱਖਣ ਵਾਲੇ, ਪੰਜਾਬੀਅਤ ਨੂੰ ਪਰਣਾਏ ਹੋਏ ਅਸ਼ੋਕ ਬਾਂਸਲ ਮਾਨਸਾ ਅਜਕੱਲ ਆਪਣੀ ਕੈਨੇਡਾ-ਅਮੈਰਿਕਾ ਫੇਰੀ 'ਤੇ ਹਨ। ਉਹ ਇਸ ਫੇਰੀ ਦੌਰਾਨ ਜਿੱਥੇ ਆਪਣੇ ਚਾਹੁਣ ਵਾਲਿਆਂ ਨੂੰ ਮਿਲ ਰਹੇ ਹਨ, ਓਥੇ ਆਪਣੀ ਨਵੀਂ ਕਿਤਾਬ 'ਲੱਭ ਜਾਣਗੇ ਲਾਲ ਗੁਆਚੇ' ਵੀ ਰਲੀਜ਼ ਕਰ ਰਹੇ ਹਨ। ਇਸੇ ਕੜੀ ਤਹਿਤ ਉਨ੍ਹਾਂ ਦੇ ਸਨਮਾਨ ਹਿਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਫਰਿਜ਼ਨੋ ਵਿਖੇ ਗਾਇਕ ਰਜੇਸ਼ ਰਾਜੂ ਦੇ ਪੀਜ਼ਾ ਟਵਿਸਟ ਰੈਸਟੋਰੈਂਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਨਵੀਂ ਕਿਤਾਬ ਰਲੀਜ਼ ਕੀਤੀ ਗਈ।

ਇਹ ਕਿਤਾਬ ਲਹਿੰਦੇ ਪੰਜਾਬ ਦੇ ਗੁਮਨਾਮ ਗੀਤਕਾਰਾਂ ਦੀ ਜ਼ਿੰਦਗੀ, ਰਚਨਾਵਾਂ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਉਜਾਗਰ ਕਰਦੀ ਹੈ। ਬਾਂਸਲ ਨੇ ਗੁੰਮ ਹੋ ਰਹੇ ਇਤਿਹਾਸ ਨੂੰ ਆਪਣੀ ਲਿਖਤ ਰਾਹੀਂ ਦੁਬਾਰਾ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਤੋਂ ਪਹਿਲਾਂ, ਉਨ੍ਹਾਂ ਦੀ ਕਿਤਾਬ 'ਮਿੱਟੀ ਨੂੰ ਫਰੋਲ ਜੋਗੀਆ' ਵੀ ਵੱਡੀ ਪ੍ਰਸ਼ੰਸਾ ਹਾਸਲ ਕਰ ਚੁੱਕੀ ਹੈ, ਜਿਸ ਵਿੱਚ ਚੜਦੇ ਪੰਜਾਬ ਦੇ ਗੀਤਕਾਰਾਂ ਦੇ ਜੀਵਨ ਅਤੇ ਰਚਨਾਤਮਕ ਸਫਰ ਨੂੰ ਬੜੀ ਖੋਜ ਅਤੇ ਸੂਝ-ਬੂਝ ਨਾਲ ਪੇਸ਼ ਕੀਤਾ ਗਿਆ ਸੀ।
ਦੋਵੇਂ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ, ਅਸ਼ੋਕ ਬਾਂਸਲ ਨੇ ਆਖਿਆ ਕਿ ਇਹ ਲਿਖਤਾਂ ਸਿਰਫ਼ ਕਿਤਾਬਾਂ ਨਹੀਂ, ਸਗੋਂ ਪੰਜਾਬੀ ਗੀਤਕਲਾ ਦੇ ਅਣਛੁਹੇ ਪੱਖਾਂ ਦੀ ਵਕਾਲਤ ਹਨ। ਸਮਾਰੋਹ ਵਿੱਚ ਹਾਜ਼ਰੀ ਲਗਵਾਉਣ ਵਾਲੇ ਸਾਹਿਤਕ ਅਤੇ ਕਲਾਤਮਕ ਸ਼ਖਸੀਅਤਾਂ ਨੇ ਉਨ੍ਹਾਂ ਦੇ ਕੰਮ ਨੂੰ ਭਰਪੂਰ ਸਲਾਹਿਆ ਅਤੇ ਕਿਹਾ ਕਿ ਪੰਜਾਬੀ ਸਾਹਿਤ-ਪ੍ਰੇਮੀਆਂ ਲਈ ਇਹ ਕਿਤਾਬ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਇਸ ਮੌਕੇ ਸ਼ਾਇਰ ਹਰਜਿੰਦਰ ਕੰਗ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਪ੍ਰਸਿੱਧ ਲੇਖਕ ਤੇ ਖੋਜਕਾਰੀ ਰੂਹ ਅਸ਼ੋਕ ਬਾਂਸਲ ਮਾਨਸਾ ਦੀ ਨਵੀਨਤਮ ਪੁਸਤਕ 'ਲੱਭ ਜਾਣਗੇ ਲਾਲ ਗੁਆਚੇ' ਇੱਕ ਐਸਾ ਖੋਜ ਭਰਪੂਰ ਕਾਰਜ ਅਸ਼ੋਕ ਬਾਂਸਲ ਨੇ ਕਰ ਵਿਖਾਇਆ ਜਿਸਨੂੰ ਆਉਣ ਵਾਲੀਆਂ ਪੀੜ੍ਹੀਆਂ ਇੱਕ ਜਾਣਕਾਰੀ ਦੇ ਸ੍ਰੋਤ ਦੇ ਤੌਰ 'ਤੇ ਪੜ੍ਹਿਆਂ ਕਰਨਗੀਆਂ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਸ਼ਾਇਰ ਦਿਲਾਵਰ ਚਾਹਲ, ਸ਼ਾਇਰ ਰਣਜੀਤ ਗਿੱਲ, ਲੇਖਕ ਸਾਧੂ ਸਿੰਘ ਸੰਘਾ, ਹੈਰੀ ਮਾਨ, ਸੰਤੋਖ ਮਨਿਹਾਸ, ਅਵਤਾਰ ਗੁਦਾਰਾ, ਸ਼ਾਇਰ ਸੁੱਖੀ ਧਾਲੀਵਾਲ , ਮਲਕੀਤ ਸਿੰਘ ਕਿੰਗਰਾ, ਦਿਲਬਾਗ ਬੰਗੜ, ਡਾ. ਅਰਜਨ ਸਿੰਘ ਜੋਸ਼ਨ ਆਦਿ ਸ਼ਾਮਲ ਸਨ। 

ਇਸ ਉਪਰੰਤ ਗਾਇਕ ਪੱਪੀ ਭਦੌੜ, ਬੀਬਾ ਦਿਲਪ੍ਰੀਤ ਕੌਰ, ਧਰਮਵੀਰ ਥਾਂਦੀ, ਨਿਰਮਲਜੀਤ ਸਿੰਘ ਨਿੰਮਾ, ਰਜੇਸ਼ ਰਾਜੂ, ਕਮਲਜੀਤ ਬੈਨੀਪਾਲ ਆਦਿ ਨੇ ਆਪਣੇ ਪੁਰਾਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਦਿਲਾਵਰ ਚਾਹਲ ਨੇ ਅਸ਼ੋਕ ਬਾਂਸਲ ਮਾਨਸਾ ਲਈ ਇੱਕ ਹਜ਼ਾਰ ਡਾਲਰ ਮਦਦ ਦੇਣ ਦਾ ਐਲਾਨ ਕੀਤਾ। ਕਾਰੋਬਾਰੀ ਜਸਵੀਰ ਸਰਾਏ ਨੇ ਰੈਸਟੋਰੈਂਟ ਦਾ ਸਾਰਾ ਖਰਚ ਚੱਕਿਆ। ਇਸ ਸਮਾਗਮ ਵਿੱਚ ਫਰਿਜ਼ਨੋ ਏਰੀਏ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦਿਲ ਖੋਲ੍ਹਕੇ ਅਸ਼ੋਕ ਬਾਂਸਲ ਮਾਨਸਾ ਦੀ ਮਦਦ ਕੀਤੀ। ਅਖੀਰ ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News