''ਆਰਟੀਫੀਸ਼ੀਅਲ ਸ਼ੂਗਰ'' ਵਧਾ ਰਹੀ ਹੈ ਭਾਰ ਤੇ ਡਾਈਬਟੀਜ਼ :  ਸੋਧ

12/19/2019 1:31:44 PM

ਸਿਡਨੀ— ਤੁਸੀਂ ਚਾਹ-ਕੌਫੀ 'ਚ ਖੰਡ ਦੀ ਥਾਂ 'ਆਰਟੀਫੀਸ਼ੀਅਲ ਸ਼ੂਗਰ' ਪਾਉਂਦੇ ਹੋਵੋਗੇ ਤੋ ਸੋਚਦੇ ਹੋਵੋਗੇ ਕਿ ਇਸ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਪਰ ਸੱਚ ਕੁੱਝ ਹੋਰ ਹੀ ਹੈ।  ਡਾਈਬਟੀਜ਼ ਤੋਂ ਬਚਣ ਲਈ ਖਾਦੀ ਜਾਣ ਵਾਲੀ 'ਆਰਟੀਫੀਸ਼ੀਅਲ ਸ਼ੂਗਰ' ਤੁਹਾਡੀ ਸਿਹਤ 'ਤੇ ਉਲਟਾ ਅਸਰ ਪਾ ਸਕਦੀ ਹੈ। ਕਰੰਟ ਐਥੋਰੋਸਕਲੇਰੋਸਿਸ ਰਿਪੋਰਟ 'ਚ ਪ੍ਰਕਾਸ਼ਿਤ ਸੋਧ ਮੁਤਾਬਕ ਜੋ ਲੋਕ ਲੋਅ ਕੈਲੋਰੀ ਸਵੀਟਨਰ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਭਾਰ ਘਟਣ ਦੀ ਥਾਂ ਵਧ ਜਾਣ ਦਾ ਖਦਸ਼ਾ ਵਧੇਰੇ ਹੁੰਦਾ ਹੈ ਤੇ ਟਾਈਪ-2 ਡਾਈਬਟੀਜ਼ ਦਾ ਕਾਰਨ ਵੀ ਬਣ ਸਕਦੀ ਹੈ। ਇਹ ਨਤੀਜਾ ਹੈਰਾਨ ਕਰਨ ਵਾਲਾ ਇਸ ਕਰਕੇ ਹੈ ਕਿਉਂਕਿ ਵਧੇਰੇ ਲੋਕ ਸੋਚਦੇ ਸਨ ਕਿ ਇਸ ਨਾਲ ਭਾਰ ਘੱਟ ਹੁੰਦਾ ਹੈ।
'ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ' ਦੇ ਸੋਧਕਾਰ ਪੀਟਰ ਕਿਲਫਟਨ ਦੱਸਦੇ ਹਨ ਕਿ ਪਿਛਲੇ 20 ਸਾਲਾਂ 'ਚ ਬੱਚਿਆਂ 'ਚ ਸਵੀਟਨਰ ਦੀ ਵਰਤੋਂ 200 ਫੀਸਦੀ ਅਤੇ ਬਾਲਗਾਂ 'ਚ 54 ਫੀਸਦੀ ਵਧੀ ਹੈ। ਦੁਨੀਆ ਭਰ 'ਚ ਆਰਟੀਫੀਸ਼ੀਅਲ ਸ਼ੂਗਰ ਦਾ ਬਾਜ਼ਾਰ 15,600 ਕਰੋੜ ਰੁਪਏ ਦਾ ਹੈ। ਲੋਅ ਕੈਲੋਰੀ ਸਵੀਟਨਰ 'ਚ ਕੈਲੋਰੀ ਰਹਿਤ ਮਿਠਾਸ ਹੁੰਦੀ ਹੈ। ਪਹਿਲਾਂ ਹੋਏ ਕਲੀਨੀਕਲ ਟ੍ਰਾਇਲ 'ਚ ਪਤਾ ਲੱਗਾ ਹੈ ਕਿ ਆਰਟੀਫੀਸ਼ੀਅਲ ਸਵੀਟਰ ਭਾਰ ਘੱਟ ਕਰਦੇ ਹਨ ਪਰ ਹਾਲ ਹੀ ਦੀ ਸੋਧ 'ਚ ਉਲਟਾ ਹੀ ਨਤੀਜਾ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਤੁਹਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ।

ਅਮਰੀਕਾ 'ਚ 7 ਸਾਲ ਤਕ 5158 ਬਾਲਗਾਂ 'ਤੇ ਸੋਧ ਕੀਤੀ ਗਈ। ਇਸ 'ਚ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਵਧੇਰੇ ਮਾਤਰਾ 'ਚ ਸਵੀਟਨਰ ਦੀ ਵਰਤੋਂ ਕੀਤੀ, ਉਨ੍ਹਾਂ ਦਾ ਭਾਰ ਇਸ ਦੀ ਵਰਤੋਂ ਨਾ ਕਰਨ ਵਾਲਿਆਂ ਦੇ ਮੁਕਾਬਲੇ ਵਧੇਰੇ ਵਧਿਆ। ਸੋਧਕਾਰ ਪੀਟਰ ਕਹਿੰਦੇ ਹਨ ਕਿ ਲੋਕਾਂ ਦੀ ਸੋਚ ਸੀ ਕਿ ਇਸ ਨਾਲ ਭਾਰ ਘੱਟਦਾ ਹੈ ਪਰ ਸੱਚ ਕੁੱਝ ਹੋਰ ਹੀ ਹੈ। ਲੋਕ ਸਵੀਟਨਰ ਖਾਂਦੇ ਹਨ ਤੇ ਆਪਣੀ ਪਸੰਦ ਦੀ ਮਿਠਾਈ ਵੀ ਖਾਂਦੇ ਹਨ। ਇਹ ਅੰਤੜੀਆਂ 'ਚ ਮੌਜੂਦ ਫਾਇਦੇਮੰਦ ਬੈਕਟੀਰੀਆ ਨੂੰ ਬਦਲ ਦਿੰਦਾ ਹੈ। ਇਸ ਕਾਰਨ ਭਾਰ ਵਧਦਾ ਹੈ ਤੇ ਡਾਈਬਟੀਜ਼ ਦਾ ਖਤਰਾ ਰਹਿੰਦਾ ਹੈ।


Related News