ਅਰਬ ਜਗਤ ਸਮਝ ਸਕਦੈ ਕਿ ਯੂਕ੍ਰੇਨ ਕਿਸੇ ਵਿਦੇਸ਼ੀ ਸ਼ਾਸਕ ਦੇ ਸਾਹਮਣੇ ਗੋਡੇ ਨਹੀਂ ਟੇਕੇਗਾ : ਜ਼ੇਲੇਂਸਕੀ
Saturday, May 20, 2023 - 02:35 PM (IST)

ਜੇਦਾਹ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਸਾਊਦੀ ਅਰਬ ਦੀ ਯਾਤਰਾ ਸੁਰੂ ਕੀਤੀ, ਜਿਥੇ ਉਨ੍ਹਾਂ ਨੇ ਅਰਬ ਸਿਖਰ ਸੰਮੇਲਨ ਵਿਚ ਹਿੱਸਾ ਲਿਆ। ਸਾਊਦੀ ਅਰਬ ਦੀ ਮੇਜ਼ਬਾਨੀ ਵਿਚ ਹੋ ਰਹੇ ਸੰਮੇਲਨ ਵਿਚ ਸੀਰੀਆ ਦੇ ਰਾਸ਼ਟਰਪਤੀ ਬਸਰ ਅਸਦ ਵੀ ਸ਼ਾਮਲ ਹੋਏ। ਸਾਊਦੀ ਅਰਬ ਦੇ ਵਲੀ ਅਹਿਮਦ ਮੁਹੰਮਦ ਬਿਨ ਸਲਮਾਨ ਨੇ ਜੇਦਾਹ ਦੇ ਲਾਲ ਸਾਗਰ ਸ਼ਹਿਰ ਵਿਚ ਪਹੁੰਚਣ ’ਤੇ ਅਸਦ ਅਤੇ ਜ਼ੇਲੇਂਸਕੀ ਦੋਹਾਂ ਦਾ ਸਵਾਗਤ ਕੀਤਾ।
ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜ਼ੇਲੇਂਸਕੀ ਨੇ ਅਰਬ ਜਗਤ ਨਾਲ ਜੁੜੇ ਹਮਲਿਆਂ ਅਤੇ ਕਬਜ਼ਿਆਂ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਰਾਸ਼ਟਰ ਸਮਝ ਸਕਦੇ ਹਨ ਕਿ ਯੂਕ੍ਰੇਨ ਕਿਸੇ ਵਿਦੇਸ਼ੀ ਸ਼ਾਸਕ ਦੇ ਸਾਹਮਣੇ ਗੋਡੇ ਨਹੀਂ ਟੇਕੇਗਾ, ਇਸ ਲਈ ਅਸੀਂ ਲੜਾਈ ਲੜ ਰਹੇ ਹਾਂ। ਜ਼ੇਲੇਂਸਕੀ ਨੇ ਰੂਸ ਦੇ ਹਮਲਾਵਰ ਡਰੋਨ ਦੀ ਸਪਲਾਈ ਕਰਾਉਣ ਸਬੰਧੀ ਉਸ ’ਤੇ ਵੀ ਨਿਸ਼ਾਨਾ ਵਿੰਨਿਆ ਅਤੇ ਰੂਸੀ ਕੰਟਰੋਲ ਵਾਲੇ ਕ੍ਰੀਮੀਆ ਵਿਚ ਰਹਿ ਰਹੇ ਮੁਸਲਮਾਨਾਂ ਦੀਆਂ ਸਮੱਸਿਆਵਾਂ ਬਾਰੇ ਵੀ ਗੱਲ ਕੀਤੀ। ਯੂਕ੍ਰੇਨ ਰਾਸ਼ਟਰਪਤੀ ਨੇ ਬਿਨਾ ਕਿਸੇ ਦਾ ਨਾਂ ਲਏ ਕਿਹਾ ਕਿ ਹਾਲ ਵਿਚ ਮੌਜੂਦ ਕੁਝ ਲੋਕਾਂ ਨੇ ਰੂਸੀ ਹਮਲੇ ਨੂੰ ਲੈ ਕੇ ‘ਅੱਖਾਂ ਮੀਟ’ ਲਈਆਂ ਹਨ।