ਹਾਂਗਕਾਂਗ ਦੇ ਐਪਲ ਡੇਲੀ ਅਖ਼ਬਾਰ ਦਾ ਸੰਪਾਦਕੀ ਲੇਖਕ ਗ੍ਰਿਫ਼ਤਾਰ
Tuesday, Jun 29, 2021 - 10:53 AM (IST)
ਹਾਂਗਕਾਂਗ (ਬਿਊਰੋ)– ਹਾਂਗਕਾਂਗ ਨੇ ਹੁਣ ਬੰਦ ਹੋ ਚੁੱਕੇ ਲੋਕਤੰਤਰ ਸਮਰਥਕ ਅਖ਼ਬਾਰ ‘ਐਪਲ ਡੇਲੀ’ ਦੇ ਇਕ ਸੰਪਾਦਕੀ ਲੇਖਕ ਨੂੰ ਐਤਵਾਰ ਰਾਤ ਨੂੰ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਹੈ। ਉਹ ਸ਼ਹਿਰ ਤੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਥਾਨਕ ਮੀਡੀਆ ਨੇ ਇਹ ਖ਼ਬਰ ਦਿੱਤੀ ਹੈ।
ਸਥਾਨਕ ਅਖ਼ਬਾਰ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਤੇ ਆਨਲਾਈਨ ਅਖ਼ਬਾਰ ਸੰਗਠਨ ‘ਸਿਟੀਜ਼ਨ ਨਿਊਜ਼’ ਨੇ ਸੂਤਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੰਪਾਦਕੀ ਲੇਖਕ ਫੰਗ ਵਾਈ ਕੋਂਗ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਵਿਦੇਸ਼ੀ ਮੇਲ-ਜੋਲ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਥਾਨਕ ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਫੰਗ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ, ਉਸ ਸਮੇਂ ਉਹ ਬ੍ਰਿਟੇਨ ਲਈ ਰਵਾਨਾ ਹੋ ਰਿਹਾ ਸੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਤਵਾਰ ਰਾਤ ਹਵਾਈ ਅੱਡੇ ’ਤੇ 57 ਸਾਲਾਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੀ ਪਛਾਣ ਨਹੀਂ ਦੱਸੀ।
ਫੰਗ ਦੋ ਹਫਤਿਆਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਗਏ ਐਪਲ ਡੇਲੀ ਦੇ ਸੱਤਵੇਂ ਕਰਮਚਾਰੀ ਹਨ। ਹਾਂਗਕਾਂਗ ਦੇ ਅਧਿਕਾਰੀ ਅਰਥ ਸਵਾਯਤ ਸ਼ਹਿਰ ’ਚ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾ ਰਹੇ ਹਨ, ਸ਼ਹਿਰ ਦੀਆਂ ਜ਼ਿਆਦਾਤਰ ਮੁੱਖ ਲੋਕਤੰਤਰ ਸਮਰਥਕ ਹਸਤੀਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਤੇ ਵਿਧਾਇਕਾਂ ਨੂੰ ਵਿਰੋਧੀ ਆਵਾਜ਼ਾਂ ਨੂੰ ਬਾਹਰ ਰੱਖਣ ਲਈ ਹਾਂਗਕਾਂਗ ਦੇ ਚੋਣ ਕਾਨੂੰਨਾਂ ’ਚ ਸੁਧਾਰ ਕਰ ਰਹੇ ਹਨ।
ਉਨ੍ਹਾਂ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਲੋਕਤੰਤਰ ਸਮਰਥਕ ਆਨਲਾਈਨ ਅਖ਼ਬਾਰ ਸੰਗਠਨ ‘ਸਟੈਂਡ ਨਿਊਜ਼’ ਨੇ ਇਕ ਬਿਆਨ ’ਚ ਕਿਹਾ ਕਿ ਉਹ ਜੂਨ ਤੋਂ ਪਹਿਲਾਂ ਆਪਣੀ ਸਾਈਟ ’ਤੇ ਪ੍ਰਕਾਸ਼ਿਤ ਟਿੱਪਣੀਆਂ ਨੂੰ ਹਟਾ ਲਵੇਗਾ ਤੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਚਿੰਤਾਵਾਂ ਦੇ ਚਲਦਿਆਂ ਪੈਸੇ ਜੁਟਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਰੋਕ ਦੇਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।