ਉਈਗਰ ਮੁਸਲਮਾਨਾਂ ਪ੍ਰਤੀ ਚੀਨੀ ਵਿਵਹਾਰ ਦੀ ਜਾਂਚ ਕੌਮਾਂਤਰੀ ਅਦਾਲਤ ਤੋਂ ਕਰਾਉਣ ਦੀ ਅਪੀਲ
Tuesday, Jun 21, 2022 - 06:18 PM (IST)
ਇੰਟਰਨੈਸ਼ਨਲ ਡੈਸਕ- ਵਕੀਲਾਂ ਨੇ ਸੋਮਵਾਰ ਨੂੰ ਕੌਮਾਂਤਰੀ ਅਪਰਾਧ ਅਦਾਲਤ (ਆਈ. ਸੀ. ਸੀ.) ਤੋਂ ਇਕ ਵਾਰ ਮੁੜ ਅਪੀਲ ਕੀਤੀ ਹੈ ਕਿ ਉਹ ਊਈਗਰ ਮੁਸਲਮਾਨ ਸਮੂਹ ਦੇ ਪ੍ਰਤੀ ਚੀਨ ਦੇ ਵਿਵਹਾਰ ਦੀ ਜਾਂਚ ਸ਼ੁਰੂ ਕਰਾਵੇ। ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਸਬੂਤਾਂ ਦੇ ਦਸਤਾਵੇਜ਼ ਪੇਸ਼ ਕੀਤੇ ਹਨ। ਚੀਨ ਦੇ ਸ਼ਿਨਜਿਆਂਗ ਸੂਬੇ 'ਚ ਉਈਗਰ ਮੁਸਲਮਾਨ ਵੱਡੀ ਗਿਣਤੀ 'ਚ ਪਾਏ ਜਾਂਦੇ ਹਨ। ਵਰਕਰਾਂ ਤੇ ਵਕੀਲਾਂ ਨੇ ਚੀਨ 'ਤੇ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਕਰਨ ਤੇ ਨਸਲਕੁਸ਼ੀ ਦਾ ਦੋਸ਼ ਲਾਇਆ ਹੈ।
ਹਾਲਾਂਕਿ, ਚੀਨ ਦੀ ਸੱਤਾ ਤੇ ਕਾਬਜ਼ ਕਮਿਊਨਿਸਟ ਪਾਰਟੀ ਨੇ ਸ਼ਿਨਜਿਆਂਗ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਨਸਲਕੁਸ਼ੀ ਨਾਲ ਜੁੜੀਆਂ ਸਾਰੀਆਂ ਰਿਪੋਰਟਾਂ ਦਾ ਜ਼ੋਰਦਾਰ ਤਰੀਕੇ ਨਾਲ ਖੰਡਣ ਕੀਤਾ ਹੈ। ਇਸ ਮਾਮਲੇ 'ਚ ਸੋਮਵਾਰ ਨੂੰ ਵਿਸ਼ਵ ਅਦਾਲਤ ਤੋਂ ਜਾਂਚ ਕਰਾਉਣ ਦੀ ਦਿਸ਼ਾ 'ਚ ਤਾਜ਼ਾ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਦੇ ਸਾਹਮਣੇ ਸਬੂਤ ਪੇਸ਼ ਕਰਨ ਵਾਲੇ ਸਮੂਹ ਨੇ ਕਿਹਾ ਹੈ ਕਿ ਇਸ 'ਚ ਇਕ ਗਵਾਹ ਦੀ ਗਵਾਹੀ ਸ਼ਾਮਲ ਹੈ, ਜੋ 2018 'ਚ ਇਕ ਕੈਂਪ ਤੋਂ ਭੱਜ ਗਿਆ ਸੀ। ਇਸ ਭੱਜੇ ਗਵਾਹ ਨੇ ਦੋਸ਼ ਲਾਇਆ ਸੀ ਕਿ ਚੀਨ ਨੇ ਉਸ ਦਾ ਤੇ ਹੋਰਨਾਂ ਦਾ ਸ਼ੋਸ਼ਣ ਕਰਨ ਸਮੇਤ ਅਣਜਾਣ ਪਦਾਰਥਾਂ ਦੇ ਇਨਜੈਕਸ਼ਨ ਸਮੇਤ ਹੋਰ ਚਿਕਿਤਸਾ ਪ੍ਰਕਿਰਿਆਵਾਂ ਤੋਂ ਗੁਜ਼ਰਨ ਲਈ ਮਜਬੂਰ ਕੀਤਾ ਸੀ।