ਜੰਗ ਵਿਚਾਲੇ ਆਪਣੇ ਹੀ ਦੇਸ਼ ''ਚ ਘਿਰ ਗਏ ਟਰੰਪ ਸਾਬ੍ਹ ! ਸੜਕਾਂ ''ਤੇ ਉਤਰੇ 80 ਲੱਖ ਤੋਂ ਵੱਧ ਲੋਕ
Monday, Mar 30, 2026 - 11:49 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਗਈ ਜੰਗ ਦੀ ਕੀਮਤ ਹੁਣ ਪੂਰੀ ਦੁਨੀਆ ਨੂੰ ਚੁਕਾਉਣੀ ਪੈ ਰਹੀ ਹੈ। ਦੁਨੀਆ ਦੇ ਕਈ ਦੇਸ਼ ਇਸ ਸਮੇਂ ਜਿੱਥੇ ਤੇਲ ਤੇ ਗੈਸ ਦੀ ਕਿੱਲਤ ਨਾਲ ਜੂਝ ਰਹੇ ਹਨ, ਉੱਥੇ ਹੀ ਪਾਕਿਸਤਾਨ 'ਚ ਤਾਂ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਉੱਥੇ ਪ੍ਰਸ਼ਾਸਨ ਨੂੰ ਹਰ ਹਫ਼ਤੇ ਸ਼ਨੀਵਾਰ ਤੇ ਐਤਵਾਰ ਨੂੰ ਸਮਾਰਟ ਲਾਕਡਾਊਨ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਦੁਨੀਆ ਭਰ 'ਚ ਆਰਥਿਕ ਤੇ ਇਨਸਾਨੀਅਤ ਪੱਖੋਂ ਪੈ ਰਹੀ ਇਸ ਮਾਰ ਵਿਚਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- ਲੱਗ ਗਿਆ Lockdown ! ਵਿਆਹਾਂ 'ਤੇ ਰੋਕ, ਸਕੂਲ ਵੀ ਬੰਦ, ਸ਼ਹਿਬਾਜ਼ ਸਰਕਾਰ ਨੇ ਕਰ'ਤਾ ਐਲਾਨ
ਅਮਰੀਕਾ ਵਿਚ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਵੱਡੇ ਪੱਧਰ ’ਤੇ ਵਿਰੋਧ ਵਿਖਾਵੇ ਦੇਖਣ ਨੂੰ ਮਿਲੇ। ਇਸ ਰੈਲੀ ਨੂੰ ‘ਨੋ ਕਿੰਗਜ਼ ਰੈਲੀ’ ਦਾ ਨਾਂ ਦਿੱਤਾ ਗਿਆ ਹੈ, ਜਿਸ 'ਚ ਦੁਨੀਆ ਭਰ 'ਚ ਕਰੀਬ 80 ਲੱਖ ਲੋਕਾਂ ਨੇ ਹਿੱਸਾ ਲਿਆ। ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਸਾਰੇ 50 ਸੂਬਿਆਂ ’ਚ 3,300 ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਦੀਆਂ ਕਈ ਨੀਤੀਆਂ ਤੋਂ ਨਾਰਾਜ਼ ਹਨ। ਖਾਸ ਤੌਰ ’ਤੇ ਇਰਾਨ ਨਾਲ ਵਧਦਾ ਤਣਾਅ, ਸਖ਼ਤ ਇਮੀਗ੍ਰੇਸ਼ਨ ਨੀਤੀਆਂ ਅਤੇ ਵਧਦੀ ਮਹਿੰਗਾਈ ਉਨ੍ਹਾਂ ਦੇ ਗੁੱਸੇ ਦਾ ਮੁੱਖ ਕਾਰਨ ਹਨ। ਕਈ ਥਾਵਾਂ ’ਤੇ ਲੋਕਾਂ ਨੇ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੇਂਸ ਖ਼ਿਲਾਫ਼ ਪੋਸਟਰ ਲਹਿਰਾਉਂਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਟਰੰਪ ਖ਼ਿਲਾਫ਼ ਰਾਸ਼ਟਰੀ ਪੱਧਰ ’ਤੇ ਹੁਣ ਤੱਕ 3 ਵਾਰ ‘ਨੋ ਕਿੰਗਜ਼’ ਰੋਸ ਵਿਖਾਵੇ ਹੋ ਚੁੱਕੇ ਹਨ। ਪਹਿਲਾਂ ਵੱਡਾ ਰੋਸ ਵਿਖਾਵਾ ਜੂਨ 2025 ਵਿਚ ਹੋਇਆ ਸੀ, ਇਸ ਤੋਂ ਬਾਅਦ ਅਕਤੂਬਰ 2025 ਵਿਚ ਦੂਜਾ ਅਤੇ 28 ਮਾਰਚ ਨੂੰ ਤੀਜਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੂਜੇ ਪਾਸੇ ਵ੍ਹਾਈਟ ਹਾਊਸ ਨੇ ਇਨ੍ਹਾਂ ਰੋਸ ਵਿਖਾਵਿਆਂ ਨੂੰ ‘ਥੈਰੇਪੀ ਸੈਸ਼ਨ’ ਦੱਸਦਿਆਂ ਕਿਹਾ ਕਿ ਆਮ ਜਨਤਾ ’ਤੇ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਪੈਂਦਾ। ਓਧਰ ਟਰੰਪ ਨੇ ਆਪਣੇ ਫੈਸਲਿਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ‘ਰਾਜਾ’ ਨਹੀਂ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
