ਸ਼੍ਰੀਲੰਕਾ ''ਚ ਸਰਕਾਰ ਵਿਰੋਧੀ ਪ੍ਰਦਰਸ਼ਨ ਖ਼ਤਮ

08/10/2022 5:44:45 PM

ਕੋਲੰਬੋ (ਏਜੰਸੀ) : ਗੰਭੀਰ ਆਰਥਿਕ ਸੰਕਟ ਨੂੰ ਲੈ ਕੇ ਸ੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ 123 ਦਿਨਾਂ ਬਾਅਦ ਮੰਗਲਵਾਰ ਨੂੰ ਰਸਮੀ ਤੌਰ ’ਤੇ ਖ਼ਤਮ ਹੋ ਗਏ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੱਤਾ ਤੋਂ ਹੱਥ ਧੋਣੇ ਪਏ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ‘ਪ੍ਰਣਾਲੀ ਵਿੱਚ ਬਦਲਾਅ’ ਲਈ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਪ੍ਰਦਰਸ਼ਨਕਾਰੀਆਂ ਨੇ ਗਾਲੇ ਫੇਸ ਖੇਤਰ ਨੂੰ ਖਾਲੀ ਕਰ ਦਿੱਤਾ ਹੈ, ਜੋ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ, ਜਿੱਥੇ ਉਹ 9 ਅਪ੍ਰੈਲ ਤੋਂ ਡੇਰਾ ਲਗਾ ਕੇ ਬੈਠੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਦੇ ਬੁਲਾਰੇ ਮਨੋਜ ਨਾਨਾਯਕਰਾ ਨੇ ਕਿਹਾ, 'ਅਸੀਂ ਅੱਜ ਸਮੂਹਿਕ ਤੌਰ 'ਤੇ ਗਾਲੇ ਫੇਸ ਖੇਤਰ ਨੂੰ ਖਾਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਡਾ ਸੰਘਰਸ਼ ਖਤਮ ਹੋ ਗਿਆ ਹੈ।'

ਨੌਜਵਾਨ ਬੋਧੀ ਭਿਕਸ਼ੂ ਕੋਸਾਵਤੇ ਮਹਾਮਨਾ ਨੇ ਕਿਹਾ, 'ਅਸੀਂ ਐਮਰਜੈਂਸੀ ਹਟਾਉਣ, ਤਾਜ਼ਾ ਸੰਸਦੀ ਚੋਣਾਂ ਕਰਵਾਉਣ ਅਤੇ ਰਾਸ਼ਟਰਪਤੀ ਵੱਲੋਂ ਸ਼ਾਸਨ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਜ਼ੋਰ ਦਿੰਦੇ ਰਹਾਂਗੇ।' ਇਕ ਹੋਰ ਪ੍ਰਦਰਸ਼ਨਕਾਰੀ ਵਿਦਰਸ਼ਨ ਕੰਨਨਾਗਰਾ ਨੇ ਕਿਹਾ, 'ਪ੍ਰਣਾਲੀ 'ਚ ਬਦਲਾਅ ਲਈ ਸਾਡੀ ਮੁਹਿੰਮ ਜਾਰੀ ਰਹੇਗੀ। ਹਾਲਾਂਕਿ, ਅਸੀਂ ਇੱਥੇ ਇਸ ਸਥਾਨ 'ਤੇ ਮੁਹਿੰਮ ਨੂੰ ਖ਼ਤਮ ਕਰ ਦਿੱਤਾ ਹੈ।' ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ 'ਤੇ ਪ੍ਰਦਰਸ਼ਨ ਵਾਲੀ ਜਗ੍ਹਾ ਖਾਲੀ ਕਰਨ ਦਾ ਦਬਾਅ ਸੀ। ਵਿਕਰਮਾਸਿੰਘੇ ਨੇ ਸੈਨਾ ਅਤੇ ਪੁਲਿਸ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਖਾਲੀ ਕਰਨ ਅਤੇ ਰਾਸ਼ਟਰਪਤੀ ਭਵਨ ਅਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸਨ।


cherry

Content Editor

Related News