ਆਂਸ਼ੀ ਸਿੰਘ ਦੇ ਸਿਰ ਸਜਿਆ ''ਮਿਸ ਇੰਡੀਆ ਯੂਰਪ 2017'' ਦਾ ਤਾਜ
Wednesday, Dec 13, 2017 - 01:12 PM (IST)

ਮਿਲਾਨ(ਸਾਬੀ ਚੀਨੀਆ)— ਮਿਸ ਇੰਡੀਆ ਯੂਰਪ-2017 ਦੀ ਚੋਣ ਲਈ ਐਮ.ਆਈ.ਈ ਦੀ ਟੀਮ ਵੱਲੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੀਆਂ ਭਾਰਤੀ ਕੁੜੀਆਂ ਵਿਚੋਂ 7 ਸੁੰਦਰੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿਚਕਾਰ ਅੱਜ ਸਟਾਕਹੋਲਮ ਵਿਖੇ ਸੰਸਥਾ ਦੇ ਮੁੱਖ ਫਾਊਂਡਰ ਅਤੇ ਚੇਅਰਮੈਨ ਸ.ਰਣਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗਰੈਂਡ ਫਾਈਨਲ 2017 ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਪ੍ਰਮੁੱਖ ਜੱਜ ਮਧੁਰ ਭੰਡਾਲਕਰ ਦੀ ਅਗਵਾਈ ਹੇਠ 7 ਜੱਜਾਂ ਦੀ ਟੀਮ ਵੱਲੋਂ ਕਰਵਾਏ ਗਏ ਤਿੰਨ ਵੱਖ-ਵੱਖ ਗੇੜਾਂ ਦੌਰਾਨ ਚੁਣੀਆਂ 7 ਸੁੰਦਰੀਆਂ ਨੇ ਆਪੋ-ਆਪਣੀ ਪ੍ਰਤੀਭਾ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਫਾਈਨਲ ਗੇੜ ਉਪਰੰਤ ਜੱਜ ਸਹਿਬਾਨ ਵੱਲੋਂ ਸਾਰੀਆਂ ਸੁੰਦਰੀਆਂ ਵੱਲੋਂ ਦਿਖਾਈ ਪ੍ਰਤੀਭਾ ਦੇਖਦਿਆਂ ਪਹਿਲੀਆਂ 3 ਜੇਤੂ ਸੁੰਦਰੀਆਂ ਦਾ ਐਲਾਨ ਕੀਤਾ ਗਿਆ। ਜਿਸ ਦੌਰਾਨ ਜ਼ੋਰਦਾਰ ਤਾੜੀਆਂ ਦੌਰਾਨ ਫਿਨਲੈਂਡ ਦੀ ਆਂਸ਼ੀ ਸਿੰਘ ਨੂੰ ਜੇਤੂ ਐਲਾਨ ਕੀਤਾ ਗਿਆ ਅਤੇ ਮਧੁਰ ਪ੍ਰਭਾਕਰ ਵੱਲੋਂ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਦੌਰਾਨ ਜੇਤੂ ਤਾਜ ਆਂਸ਼ੀ ਸਿੰਘ ਨੂੰ ਪਹਿਨਾਇਆ ਗਿਆ। ਜਦਕਿ ਹਾਲੈਂਡ ਦੀ ਪ੍ਰੀਤੀ ਢਿੱਲੋਂ ਨੂੰ ਦੂਜਾ ਅਤੇ ਜਰਮਨ ਦੀ ਸੁਹਾਨੀ ਸੋਢੀ ਨੂੰ ਤੀਜਾ ਸਥਾਨ ਹਾਸਲ ਹੋਇਆ। ਇਸ ਮੁਕਾਬਲੇ ਵਿਚ ਯੂਰਪ ਦੇ ਫਿਨਲੈਂਡ, ਇੰਗਲੈਂਡ, ਪੋਲੈਂਡ, ਜਰਮਨ, ਸਵੀਡਨ ਤੋਂ ਚੁਣੀਆਂ 7 ਸੁੰਦਰੀਆਂ ਆਂਸ਼ੀ ਸਿੰਘ, ਜਸਪ੍ਰੀਤ ਬੈਂਸ, ਰਮਨੀਕ ਕੌਰ, ਵੈਲੀਸ਼ਾਂ ਜੈਥਵਾ, ਲਾਵਾਨੀਆ ਪੰਪਾਨਾ, ਸੁਹਾਨੀ ਸੋਢੀ ਅਤੇ ਪ੍ਰੀਤ ਢਿੱਲੋਂ ਨੇ ਭਾਗ ਲਿਆ ਸੀ। ਫਾਈਨਲ ਚੋਣ ਉਪਰੰਤ ਇੰਗਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭੰਗੜਾ ਸਟਾਰ ਚੰਨੀ ਸਿੰਘ ਅਤੇ ਮਿਸ ਮੋਨਾ ਸਿੰਘ ਵੱਲੋਂ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਭਾਰਤੀ ਦੂਤਘਰ ਸਟੋਕਹੋਲਮ ਦੇ ਮੁੱਖ ਰਾਜਦੂਤ ਸ਼੍ਰੀਮਤੀ ਮੋਨਿਕਾ ਕਪਿਲ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਮੁਕਾਬਲੇ ਕਰਵਾਉਣ ਲਈ ਮੁੱਖ ਪ੍ਰਬੰਧਕ ਸ.ਰਣਜੀਤ ਸਿੰਘ ਧਾਲੀਵਾਲ(ਫਾਊਂਡਰ), ਚੇਅਰਮੈਨ ਨਰਿੰਦਰ ਮਲਿਕ, ਪ੍ਰਧਾਨ ਸਿਮਰਨ ਗਰੇਵਾਲ, ਮੀਤ ਪ੍ਰਧਾਨ ਅਮ੍ਰਿਤ ਮਹਿਰਾ, ਦੀਪਤੀ ਮਹਿਤ ਨੇ ਸਖਤ ਮਿਹਨਤ ਕੀਤੀ। ਉਨ੍ਹਾਂ ਨਾਲ ਸੁਖਦੇਵ ਸਿੰਘ, ਜਸਵਿੰਦਰ ਕਾਹਲੋਂ, ਠਾਣਾ ਭੁੱਲਰ, ਜਸਬੀਰ ਖਾਨ ਚੈੜੀਆਂ, ਇਕਬਾਲ ਕੌਰ ਖੇਲਾ, ਜੱਸੀ ਵਾਧਵਾ, ਪਰਮਿੰਦਰ ਸਿੱਧੂ, ਅਜੈ ਪਾਲ, ਪਰਮ ਸੱਭਰਵਾਲ, ਅਨੀਤਾ ਛਿੱਬਾ ਨੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।