ਅਮਰੀਕਾ ’ਚ ਬੱਚਿਆਂ ਲਈ ਖਤਰਨਾਕ ਇੱਕ ਹੋਰ ਵਾਇਰਸ ਦੀ ਹੋਈ ਪਛਾਣ
Tuesday, Aug 03, 2021 - 07:54 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਇੱਕ ਵਾਰ ਘੱਟ ਹੋਣ ਤੋਂ ਬਾਅਦ ਦੁਬਾਰਾ ਫਿਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਨਵੇਂ ਕੇਸਾਂ ’ਚ ਵਾਇਰਸ ਦਾ ਡੈਲਟਾ ਰੂਪ ਜ਼ਿਆਦਾਤਰ ਮਾਮਲਿਆਂ ’ਚ ਪਾਇਆ ਜਾ ਰਿਹਾ ਹੈ। ਡੈਲਟਾ ਵਾਇਰਸ ਦੀ ਲਾਗ ’ਚ ਵਾਧੇ ਦੇ ਨਾਲ ਹੀ ਬੱਚਿਆਂ ’ਚ ਇੱਕ ਹੋਰ ਵਾਇਰਸ ਦੀ ਪਛਾਣ ਕੀਤੀ ਗਈ ਹੈ, ਜਿਸ ਨੂੰ ਕਿ ਰੈਸਪੀਰੇਟਰੀ ਸੈਂਸੇਸ਼ਨਲ ਵਾਇਰਸ (ਆਰ. ਐੱਸ. ਵੀ.) ਕਿਹਾ ਜਾਂਦਾ ਹੈ। ਇਹ ਬਹੁਤ ਹੀ ਖਤਰਨਾਕ ਵਾਇਰਸ ਹੈ, ਜਿਸ ਨਾਲ ਆਮ ਤੌਰ ’ਤੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਅਮਰੀਕਾ ਦੀ ਸਿਹਤ ਏਜੰਸੀ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਅਨੁਸਾਰ ਜੂਨ ਮਹੀਨੇ ਤੋਂ ਦੇਸ਼ ’ਚ ਆਰ. ਐੱਸ. ਵੀ. ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਵਾਇਰਸ ਦੇ ਮਾਮਲਿਆਂ ’ਚ ਪਿਛਲੇ ਮਹੀਨੇ ਜ਼ਿਆਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ
ਸਿਹਤ ਮਾਹਿਰਾਂ ਨੇ ਇਸ ਵਾਇਰਸ ਦੇ ਆਮ ਲੱਛਣ ਨੱਕ ਵਗਣਾ, ਖੰਘ, ਛਿੱਕ ਤੇ ਬੁਖਾਰ ਆਦਿ ਦੱਸੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਅਨੁਸਾਰ ਅਮਰੀਕਾ ’ਚ ਆਰ. ਐੱਸ. ਵੀ. ਦਾ ਪ੍ਰਕੋਪ ਅਜਿਹੇ ਸਮੇਂ ’ਚ ਵਧ ਰਿਹਾ ਹੈ, ਜਦੋਂ ਪਿਛਲੇ ਦੋ ਹਫ਼ਤਿਆਂ ’ਚ ਕੋਰੋਨਾ ਕੇਸਾਂ ’ਚ 148 ਫ਼ੀਸਦੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੀ ਗਿਣਤੀ ’ਚ ਵੀ 73 ਫ਼ੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਨੇ ਵੀ ਆਰ. ਐੱਸ. ਵੀ. ਦੀ ਲਾਗ ਦੇ ਮਾਮਲਿਆਂ ’ਚ ਵਾਧੇ ਦੀ ਰਿਪੋਰਟ ਕੀਤੀ ਹੈ।