ਤਿੰਨ ਬੱਚਿਆਂ ਨਾਲ ਬਦਫੈਲੀ ਤੇ ਕਤਲ ਤੋਂ ਬਾਅਦ ਕਸੂਰ ਤੋਂ ਇਕ ਹੋਰ ਨਾਬਾਲਗ ਅਗਵਾ
Friday, Sep 20, 2019 - 02:34 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਚੁਨੀਆਨ ਤਹਿਸੀਲ 'ਚ ਤਿੰਨ ਨਾਬਾਲਗ ਲੜਕਿਆਂ ਨਾਲ ਬਦਫੈਲੀ ਤੇ ਕਤਲ ਦੀ ਘਟਨਾ ਤੋਂ ਦੋ ਦਿਨ ਬਾਅਦ ਕਸੂਰ ਤੋਂ ਇਕ ਨਾਬਾਲਗ ਲੜਕੇ ਨੂੰ ਅਗਵਾ ਕਰ ਲਿਆ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।
ਜੀਓ ਨਿਊਜ਼ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਹਾਸ਼ਮ ਚੌਕ ਨੇੜੇ ਦੋ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸ਼ੱਕੀਆਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਇਕ ਲੜਕੇ ਨੂੰ ਬੇਹੋਸ਼ੀ ਦੀ ਹਾਲਤ 'ਚ ਰਸਤੇ 'ਚ ਹੀ ਸੁੱਟ ਦਿੱਤਾ। ਰਿਪੋਰਟ 'ਚ ਕਿਹਾ ਗਿਆ ਹੈ ਇਕ ਬੱਚਾ ਇਸ ਵੇਲੇ ਤਹਿਸੀਲ ਹਸਪਤਾਲ 'ਚ ਦਾਖਲ ਹੈ ਤੇ ਦੂਜਾ ਅਜੇ ਲਾਪਤਾ ਹੈ। ਪੁਲਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਮਿਲੀਆਂ ਤਿੰਨ ਲੜਕਿਆਂ ਦੀ ਲਾਸ਼ਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਬੁਰੀ ਤਰ੍ਹਾਂ ਬਦਫੈਲੀ ਹੋਈ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੰਜਵਾਂ ਬੱਚਾ ਅਗਵਾ ਹੋਇਆ ਹੈ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਦੇ ਪਿੱਛੇ ਕੋਈ ਰੈਕੇਟ ਹੈ।
ਕਸੂਰ 'ਚ ਬੀਤੇ ਕੁਝ ਸਾਲਾਂ 'ਚ ਬਲਾਤਕਾਰ ਤੇ ਬੱਚਿਆਂ ਦੇ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਨਵਰੀ 2018 'ਚ, ਇਕ 6 ਸਾਲ ਦੀ ਲੜਕੀ ਦੀ ਲਾਸ਼ ਸ਼ਹਿਰ ਦੇ ਕੂੜੇ ਦੇ ਢੇਰ 'ਚੋਂ ਮਿਲੀ ਸੀ। ਜਾਂਚ ਤੋਂ ਪਤਾ ਲੱਗਿਆ ਸੀ ਕਿ ਉਸ ਨਾਲ ਬਲਾਤਕਾਰ ਹੋਇਆ ਸੀ।