ਬੰਗਲਾਦੇਸ਼ ''ਚ ਇੱਕ ਹੋਰ ਹਿੰਦੂ ਨੌਜਵਾਨ ਨੂੰ ਭੀੜ ਨੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
Thursday, Dec 25, 2025 - 07:46 PM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਵਿੱਚ ਹਿੰਸਾ ਅਤੇ ਅਸਥਿਰਤਾ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਵਿੱਚ ਭੀੜ ਵੱਲੋਂ ਇੱਕ ਹੋਰ ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਰਾਤ ਪਾਂਸ਼ਾ ਇਲਾਕੇ ਵਿੱਚ ਵਾਪਰੀ।
ਕੌਣ ਸੀ ਮ੍ਰਿਤਕ ਤੇ ਕੀ ਹੈ ਪੂਰਾ ਮਾਮਲਾ?
ਮ੍ਰਿਤਕ ਦੀ ਪਛਾਣ 30 ਸਾਲਾ ਅੰਮ੍ਰਿਤ ਮੰਡਲ ਉਰਫ਼ ਸਮਰਾਟ ਵਜੋਂ ਹੋਈ ਹੈ, ਜੋ ਹੁਸੈਨਡਾਂਗਾ ਦੇ ਅਕਸ਼ੈ ਮੰਡਲ ਦਾ ਪੁੱਤਰ ਸੀ। ਪੁਲਸ ਮੁਤਾਬਕ ਅੰਮ੍ਰਿਤ ਮੰਡਲ 'ਸਮਰਾਟ ਬਾਹਿਨੀ' ਨਾਮਕ ਇੱਕ ਗੈਂਗ ਦਾ ਮੁਖੀ ਸੀ ਅਤੇ ਉਸ ਵਿਰੁੱਧ ਕਤਲ ਅਤੇ ਉਗਰਾਹੀ (ਰੰਗਦਾਰੀ) ਦੇ ਕਈ ਮਾਮਲੇ ਦਰਜ ਸਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਰਤ ਵਿੱਚ ਲੁਕਿਆ ਹੋਇਆ ਸੀ ਅਤੇ ਹਾਲ ਹੀ ਵਿੱਚ ਆਪਣੇ ਪਿੰਡ ਪਰਤਿਆ ਸੀ।
ਸਰੋਤਾਂ ਅਨੁਸਾਰ, ਅੰਮ੍ਰਿਤ ਮੰਡਲ ਆਪਣੇ ਸਾਥੀਆਂ ਨਾਲ ਇੱਕ ਸਥਾਨਕ ਨਿਵਾਸੀ ਸ਼ਹੀਦੁਲ ਇਸਲਾਮ ਦੇ ਘਰ ਕਥਿਤ ਤੌਰ 'ਤੇ ਪੈਸੇ ਦੀ ਉਗਰਾਹੀ ਕਰਨ ਗਿਆ ਸੀ। ਜਦੋਂ ਪਰਿਵਾਰ ਨੇ ਰੌਲਾ ਪਾਇਆ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਿਆ । ਪੁਲਸ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਉਸ ਦੇ ਇੱਕ ਸਾਥੀ ਮੁਹੰਮਦ ਸਲੀਮ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਕੁਝ ਦਿਨ ਪਹਿਲਾਂ ਵੀ ਹੋਈ ਸੀ ਅਜਿਹੀ ਘਟਨਾ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਯਮਨਸਿੰਘ ਦੇ ਭਾਲੁਕਾ ਇਲਾਕੇ ਵਿੱਚ 27 ਸਾਲਾ ਦੀਪੂ ਚੰਦਰ ਨਾਮਕ ਹਿੰਦੂ ਨੌਜਵਾਨ ਦੀ ਵੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਦੇਹ ਨੂੰ ਸਾੜ ਦਿੱਤਾ ਸੀ। ਹਾਲਾਂਕਿ ਬੰਗਲਾਦੇਸ਼ ਦੀ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਦੇਸ਼ ਵਿੱਚ ਭੀੜ ਹਿੰਸਾ ਦੀ ਕੋਈ ਥਾਂ ਨਹੀਂ ਹੈ, ਪਰ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ।
