ਏਜੰਲਾ ਮਰਕੇਲ ਨੇ ਲੋਕਾਂ ਨੂੰ ਅਪੀਲ ਕਰ ਕਿਹਾ, ''ਸੁਚੇਤ ਰਹੋ ਤੇ ਹਿੰਮਤ ਦਿਖਾਓ''

05/13/2020 11:07:55 PM

ਬਰਲਿਨ - ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨੇ ਬੁੱਧਵਾਰ ਨੂੰ ਲੋਕਾਂ ਨੂੰ ਸੁਚੇਤ ਰਹਿਣ ਅਤੇ ਹਿੰਮਤ ਦਿਖਾਉਣ ਦੀ ਅਪੀਲ ਕੀਤੀ। ਜਰਮਨੀ ਵਿਚ ਕੁਝ ਖੇਤਰ ਪਾਬੰਦੀਆਂ ਵਿਚ ਢਿੱਲ ਦੇਣ ਦੀ ਜਲਦੀ ਦਿਖਾ ਰਹੇ ਹਨ। ਅਜਿਹੇ ਵਿਚ ਮਰਕੇਲ ਲਗਾਤਾਰ ਸੁਚੇਤ ਰਹਿਣ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਆਖਿਆ ਕਿ ਜੋ ਹਾਸਲ ਕੀਤਾ ਹੈ ਉਸ ਨੂੰ ਖਤਰੇ ਵਿਚ ਨਹੀਂ ਪਾਇਆ ਜਾ ਸਕਦਾ। ਮਰਕੇਲ ਨੇ ਸੰਸਦ ਵਿਚ ਪ੍ਰਸ਼ਨ ਕਾਲ ਵਿਚ ਆਖਿਆ ਕਿ ਇਹ ਕਾਫੀ ਨਿਰਾਸ਼ਾਜਨਕ ਹੋਵੇਗਾ ਕਿਉਂਕਿ ਜੇਕਰ ਅਸੀਂ ਸਭ ਕੁਝ ਬਹੁਤ ਜਲਦੀ ਚਾਹੀਏ ਤਾਂ ਅਸੀਂ ਵਾਪਸ ਉਸ ਪਾਬੰਦੀਆਂ ਦੇ ਦਾਇਰੇ ਵਿਚ ਪਹੁੰਚ ਜਾਵਾਂਗੇ ਜਿਸ ਨੂੰ ਅਸੀਂ ਪਿੱਛੇ ਛੱਡਣਾ ਚਾਹੁੰਦੇ ਹਾਂ।

ਮਰਕੇਲ ਨੇ ਅੱਗੇ ਆਖਿਆ, ਤਾਂ ਆਓ ਆਪਾਂ ਸੁਚੇਤ ਰਹੀਏ ਅਤੇ ਹਿੰਮਤ ਦਿਖਾਈਏ। ਜਨਤਕ ਅਤੇ ਆਰਥਿਕ ਗਤੀਵਿਧੀਆਂ ਬਹਾਲ ਕਰੀਏ ਅਤੇ ਨਾਲ ਹੀ ਮਹਾਮਾਰੀ ਦੇ ਪ੍ਰਕੋਪ 'ਤੇ ਵੀ ਨਜ਼ਰ ਰੱਖੀਏ। ਟੈਕਸ ਵਧਾਉਣ ਦੇ ਸਵਾਲ 'ਤੇ ਉਨ੍ਹਾਂ ਨੇ ਆਖਿਆ ਕਿ ਅਜੇ ਫਿਲਹਾਲ ਟੈਕਸ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਮਰਕੇਲ ਨੇ ਵਾਮਪੰਥੀ ਵਰਗ ਦੀ ਜਾਇਦਾਦ ਟੈਕਸ ਦੀ ਮੰਗ ਵੀ ਖਾਰਿਜ਼ ਕਰ ਦਿੱਤੀ। ਜਰਮਨੀ ਵਿਚ ਵਾਇਰਸ ਤੋਂ ਪ੍ਰਭਾਵਿਤਾਂ ਦੀ ਗਿਣਤੀ ਜ਼ਿਆਦਾ ਹੈ ਪਰ ਹੋਰ ਦੇਸ਼ਾਂ ਦੀ ਤੁਲਨਾ ਵਿਚ ਮੌਤ ਦਰ ਘੱਟ ਹੈ। ਹਾਲ ਹੀ ਵਿਚ ਨਵੇਂ ਮਾਮਲਿਆਂ ਵਿਚ ਵੀ ਗਿਰਾਵਟ ਆਈ ਹੈ। ਹੁਣ ਤੱਕ ਇਥੇ ਕੋਰੋਨਾਵਾਇਰਸ ਦੇ 1,73,000 ਮਾਮਲੇ ਸਾਹਮਣੇ ਆਏ ਹਨ ਅਤੇ 7,756 ਲੋਕਾਂ ਦੀ ਮੌਤ ਹੋ ਚੁੱਕੀ ਹੈ।


Khushdeep Jassi

Content Editor

Related News