ਮਾਊਂਟ ਐਵਰੈਸਟ ’ਤੇ ਕੋਰੋਨਾ ਦਾ ਕਹਿਰ, ਵੱਡੀ ਗਿਣਤੀ ’ਚ ਪਰਬਤਾਰੋਹੀ ਆਏ ਪਾਜ਼ੇਟਿਵ

Saturday, May 22, 2021 - 09:20 PM (IST)

ਇੰਟਰਨੈਸ਼ਨਲ ਡੈਸਕ : ਐਵਰੈਸਟ ’ਤੇ ਚੜ੍ਹਾਈ ਕਰਵਾਉਣ ਵਾਲੇ ਇਕ ਗਾਈਡ ਨੇ ਦੱਸਿਆ ਕਿ ਮਾਊਂਟ ਐਵਰੈਸਟ ’ਤੇ ਕੋਰੋਨਾ ਦੀ ਲਾਗ ਨੇ ਤਕਰੀਬਨ 100 ਪਰਬਤਾਰੋਹੀਆਂ ਤੇ ਸਹਾਇਕ ਕਰਮਚਾਰੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ’ਤੇ ਕੋਰੋਨਾ ਦੀ ਲਾਗ ਨੂੰ ਲੈ ਕੇ ਇਹ ਪਹਿਲਾ ਅੰਦਾਜ਼ਾ ਹੈ। ਲੁਕਾਸ ਫੁਰਟਨਬੈਕ, ਜੋ ਆਸਟਰੀਆ ਦਾ ਸੰਗਠਨ ਹੈ, ਪਿਛਲੇ ਹਫ਼ਤੇ ਵਾਇਰਸ ਕਾਰਨ ਆਪਣੀ ਮੁਹਿੰਮ ਨੂੰ ਰੋਕਣ ਵਾਲਾ ਇਕੋ ਇਕ ਸੰਗਠਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ ਵਿਦੇਸ਼ੀ ਗਾਈਡ ਤੇ 6 ਨੇਪਾਲੀ ਸ਼ੇਰਪਾ ਗਾਈਡ ਪਾਜ਼ੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਾਜ਼ੇਟਿਵ ਟੈਸਟਾਂ ਦੀ ਰਿਪੋਰਟ ਹੈ, ਜਿਨ੍ਹਾਂ ਤੋਂ ਅਸੀਂ ਇਹ ਸਾਬਿਤ ਕਰ ਸਕਦੇ ਹਾਂ। ਇਹ ਜਾਣਕਾਰੀ ਫੁਰਟਨਬੈਕ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਦਿੱਤੀ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੇਸ ਕੈਂਪ ’ਚ ਤਕਰੀਬਨ 100 ਲੋਕ ਕੋਰੋਨਾ ਦੀ ਲਾਗ ਤੋਂ ਪੀੜਤ ਹਨ ਤੇ ਇਹ ਗਿਣਤੀ 150 ਜਾਂ 200 ਵੀ ਹੋ ਸਕਦੀ ਹੈ।

ਉਨ੍ਹਾਂ ਨੇ ਇਹ ਸਾਫ ਕੀਤਾ ਕਿ ਐਵਰੈਸਟ ਬੇਸ ਕੈਂਪ ’ਚ ਕਈ ਮਾਮਲੇ ਸਨ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਲੋਕ ਬੀਮਾਰ ਸਨ ਤੇ ਆਪਣੇ ਕੈਂਪ ਦੇ ਅੰਦਰ ਖੰਘ ਰਹੇ ਸਨ। ਇਸ ਵਾਰ ਐਵਰੈਸਟ ’ਤੇ ਚੜ੍ਹਾਈ ਕਰਨ ਲਈ ਕੁਲ 408 ਵਿਦੇਸ਼ੀ ਪਰਬਤਾਰੋਹੀਆਂ ਨੂੰ ਪਰਮਿਟ ਜਾਰੀ ਹੋਏ ਸਨ, ਜਿਨ੍ਹਾਂ ਦੀ ਅਪ੍ਰੈਲ ਤੋਂ ਬੇਸ ਕੈਂਪ ’ਚ ਤਾਇਨਾਤ ਕਈ ਸੌ ਸ਼ੇਰਪਾ ਗਾਈਡਸ ਤੇ ਸਪੋਰਟ ਸਟਾਫ ਨੇ ਮਦਦ ਕੀਤੀ ਸੀ। ਨੇਪਾਲੀ ਪਰਬਤਾਰੋਹੀ ਅਧਿਕਾਰੀਆਂ ਨੇ ਦੇਸ਼ ਦੇ ਹਿਮਾਲਿਆ ਪਹਾੜਾਂ ਲਈ ਸਾਰੇ ਬੇਸ ਕੈਂਪਾਂ ’ਚ ਪਰਬਤਾਰੋਹੀਆਂ ਤੇ ਸਹਾਇਕ ਕਰਮਚਾਰੀਆਂ ’ਚ ਇਸ ਸੀਜ਼ਨ ’ਚ ਕੋਈ ਵੀ ਸਰਗਰਮ ਮਾਮਲਾ ਹੋਣ ਤੋਂ ਇਨਕਾਰ ਕੀਤਾ ਹੈ।

ਹਾਲਾਂਕਿ ਦੂਸਰੀ ਚੜ੍ਹਾਈ ਕਰਨ ਵਾਲੀਆਂ ਟੀਮਾਂ ਨੇ ਆਪਣੇ ਮੈਂਬਰਾਂ ਤੇ ਕਰਮਚਾਰੀਆਂ ਵਿਚਾਲੇ ਕਿਸੇ ਵੀ ਕੋਰੋਨਾ ਦੀ ਲਾਗ ਦਾ ਐਲਾਨ ਨਹੀਂ ਕੀਤਾ ਹੈ ਪਰ ਐਵਰੈਸਟ ਬੇਸ ਕੈਂਪ ਤੋਂ ਹੇਠਾਂ ਲਿਆਂਦੇ ਜਾਣ ਤੋਂ ਬਾਅਦ ਕਈ ਪਰਬਤਾਰੋਹੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਵਰੈਸਟ ’ਤੇ ਚੜ੍ਹਾਈ ਬੰਦ ਕਰ ਦਿੱਤੀ ਗਈ ਸੀ। ਫੁਟਰਨਬੈਕ ਨੇ ਕਿਹਾ ਕਿ ਪਹਾੜ ’ਤੇ ਜ਼ਿਆਦਾਤਰ ਟੀਮਾਂ ਕੋਲ ਵਾਇਰਸ ਟੈਸਟਿੰਗ ਕਿੱਟਾਂ ਨਹੀਂ ਸਨ ਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਬਾਹਰ ਨਿਕਲਦੀ, ਉਨ੍ਹਾਂ ਨੇ ਟੈਸਟ ਕਰਨ ’ਚ ਸਾਥ ਦਿੱਤਾ ਤੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਟੀਮਾਂ ਹੁਣ ਵੀ ਬੇਸ ਕੈਂਪ ’ਚ ਹਨ ਤੇ ਅਗਲੇ ਹਫਤੇ ਮੌਸਮ ਦੇ ਸਾਫ ਹੋਣ ਦੀ ਉਮੀਦ ਕਰ ਰਹੀਆਂ ਹਨ ਤਾਂ ਕਿ ਉਹ ਮਹੀਨੇ ਆਖਿਰ ਤਕ ਚੜ੍ਹਾਈ ਦਾ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਚੋਟੀ ਨੂੰ ਸਰ ਕਰ ਲੈਣ।


Manoj

Content Editor

Related News