ਲਾਹੌਰ ’ਚ ਸਿਹਤ ਵਿਭਾਗ ਦੇ ਸੈਮੀਨਾਰ ਦੌਰਾਨ ਸਕ੍ਰੀਨ ’ਤੇ ਅਚਾਨਕ ਚੱਲੀ ਅਸ਼ਲੀਲ ਫਿਲਮ, ਮਚਿਆ ਹੜਕੰਪ
Sunday, Jul 16, 2023 - 03:54 PM (IST)
ਗੁਰਦਾਸਪੁਰ/ਲਾਹੌਰ (ਵਿਨੋਦ) - ਲਾਹੌਰ ’ਚ ਇਕ ਉੱਚ ਪੱਧਰੀ ਸਿਹਤ ਵਿਭਾਗ ਦੇ ਸੈਮੀਨਾਰ ’ਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਉਸ ਸਮੇਂ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿਸੇ ਨੇ ਪ੍ਰੋਗਰਾਮ ਦੌਰਾਨ ਡਿਸਪਲੇ ਸਕ੍ਰੀਨ ’ਤੇ ਅਸ਼ਲੀਲ ਫਿਲਮ ਚਲਾ ਦਿੱਤੀ, ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਸੰਘੀ ਜਾਂਚ ਏਜੰਸੀ ਨੂੰ ਮਾਮਲੇ ਦੀ ਰਿਪੋਰਟ ਕਰਨ ਲਈ ਕਿਹਾ ਅਤੇ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇੰਸਟੀਚਿਊਟ ਆਫ ਪਬਲਿਕ ਹੈਲਥ (ਆਈ. ਪੀ. ਐੱਚ.) ਲਾਹੌਰ ਨੇ ਅੱਜ ਇਥੇ ਆਪਣੇ ਆਡੀਟੋਰੀਅਮ ’ਚ ਡੇਂਗੂ ਦੀ ਰੋਕਥਾਮ ਬਾਰੇ ਇਕ ਆਨਲਾਈਨ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ, ਜਿਸ ’ਚ ਪੰਜਾਬ ਦੇ ਕਾਰਜਕਾਰੀ ਸਿਹਤ ਮੰਤਰੀ ਪ੍ਰੋਫੈਸਰ ਜਾਵੇਦ ਅਕਰਮ, ਆਈ. ਪੀ. ਅੈੱਚ. ਦੇ ਡੀਨ ਜਰਫਸਾਨ ਤਾਹਿਰ ਅਤੇ ਸੰਸਥਾ ਦੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦੂਜੇ ਦੇਸ਼ਾਂ ਦੇ ਬੁਲਾਰਿਆਂ ਨੂੰ ਵੀ ਆਪਣੇ ਤਜ਼ਰਬੇ ਅਤੇ ਸੁਝਾਅ ਸਾਂਝੇ ਕਰਨ ਲਈ ਸੈਮੀਨਾਰ ’ਚ ਸ਼ਾਮਲ ਹੋਣ ਲਈ ਆਨਲਾਈਨ ਸੱਦਾ ਦਿੱਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਸਾਰੇ ਬੁਲਾਰਿਆਂ ਨੂੰ ਲਾਗਇਨ ਕਰਨ ਅਤੇ ਸੈਮੀਨਾਰ ’ਚ ਹਿੱਸਾ ਲੈਣ ਲਈ ਇਕ ਪਾਸਵਰਡ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਕਿਸੇ ਨੇ ਲਾਗਇਨ ਕੀਤਾ ਤਾਂ ਸਕ੍ਰੀਨ ’ਤੇ ਅਸ਼ਲੀਲ ਫਿਲਮ ਚੱਲਣੀ ਸ਼ੁਰੂ ਹੋ ਗਈ, ਜੋ ਕਰੀਬ 6 ਮਿੰਟ ਤੱਕ ਚੱਲੀ ਪਰ ਬਾਅਦ ’ਚ ਪ੍ਰਬੰਧਕਾਂ ਨੇ ਸੈਮੀਨਾਰ ਨੂੰ ਰੋਕ ਦਿੱਤਾ। ਉਪਰੰਤ ਪ੍ਰਬੰਧਕਾਂ ਨੇ ਇਕ ਐਮਰਜੈਂਸੀ ਮੀਟਿੰਗ ਕੀਤੀ ਅਤੇ ਮਾਮਲੇ ’ਤੇ ਚਰਚਾ ਕਰਨ ਤੋਂ ਬਾਅਦ ਐੱਫ. ਆਈ. ਏ. ਨੂੰ ਰਿਪੋਰਟ ਕਰਨ ਦਾ ਫੈਸਲਾ ਕੀਤਾ।
ਇਸ ਸਬੰਧੀ ਆਈ. ਪੀ. ਅੈੱਚ. ਵਲੋਂ ਜਾਰੀ ਬਿਆਨ ਅਨੁਸਾਰ ਇਸ ਮਾਮਲੇ ਦੀ ਸੂਚਨਾ ਐੱਫ. ਆਈ. ਏ. ਨੇ ਸਾਈਬਰ ਵਿੰਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੰਗਠਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਐੱਫ. ਆਈ. ਏ. ਦੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਦੋਸ਼ੀ ਦਾ ਪਤਾ ਲਗਾਉਣ ਅਤੇ ਗ੍ਰਿਫਤਾਰ ਕਰਨ ਦੀ ਬੇਨਤੀ ਕੀਤੀ ਗਈ ਹੈ ਪਰ ਇਸ ਸੈਮੀਨਾਰ ਵਿਚ ਸ਼ਾਮਲ ਦੇਸ਼-ਵਿਦੇਸ਼ ਤੋਂ ਆਏ ਅਧਿਕਾਰੀ ਅਤੇ ਮਾਹਿਰ ਇਸ ਅਸ਼ਲੀਲ ਫਿਲਮ ਦੇ ਚੱਲਣ ਤੋਂ ਕਾਫੀ ਪ੍ਰੇਸ਼ਾਨ ਸਨ ਕਿਉਂਕਿ ਇਸ ਸੈਮੀਨਾਰ ਵਿੱਚ 30 ਫੀਸਦੀ ਤੋਂ ਵੱਧ ਔਰਤਾਂ ਵੀ ਹਿੱਸਾ ਲੈ ਰਹੀਆਂ ਸਨ।