ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਵਿਖੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਇਆ ਅੰਮ੍ਰਿਤ ਸੰਚਾਰ
03/20/2023 9:09:57 PM

ਰੋਮ (ਕੈਂਥ) : ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ,ਪ੍ਰਸਾਰ ਤੇ ਪ੍ਰਚਾਰ ਲਈ ਇਟਲੀ ਦੀਆਂ ਸਿੱਖ ਸੰਗਤਾਂ ਦੀ ਸੰਸਥਾ ਯੂਨੀਅਨ ਸਿੱਖ ਇਟਲੀ ਵੱਲੋਂ ਦੇਸ਼ ਭਰ ’ਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਸ਼ਲਾਘਾਯੋਗ ਹਨ। ਇਹ ਸੰਸਥਾ ਜਿੱਥੇ ਇਟਲੀ ’ਚ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਨ ਲਈ ਦਿਨ-ਰਾਤ ਸੇਵਾ ਨਿਭਾ ਰਹੀ ਹੈ, ਉੱਥੇ ਹੀ ਵੱਖ-ਵੱਖ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਵੀ ਆਯੋਜਨ ਕਰਵਾ ਰਹੀ ਹੈ। ਇਨ੍ਹਾਂ ਕਾਬਿਲੇ ਤਾਰੀਫ਼ ਕਾਰਵਾਈਆਂ ਤਹਿਤ ਹੀ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ (ਲਾਤੀਨਾ) ਪੁਰਾਣੀ ਇਮਾਰਤ ਵਿਖੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ, ਜਿਸ ’ਚ ਕਈ ਪ੍ਰਾਣੀ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣੇ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ Exclusive ਇੰਟਰਵਿਊ, ਵੇਖੋ ਕੱਲ੍ਹ ਸ਼ਾਮ 7 ਵਜੇ
ਇਸ ਮੌਕੇ ਇਟਲੀ ਦੇ ਪ੍ਰਸਿੱਧ ਕਥਾਵਾਚਕ ਭਾਈ ਬਲਜਿੰਦਰ ਸਿੰਘ ਸੇਵਾਦਾਰ ਯੂਨੀਅਨ ਸਿੱਖ ਇਟਲੀ ਨੇ ਹਾਜ਼ਰੀਨ ਸੰਗਤਾਂ ਨੂੰ ਖਾਲਸੇ ਦੀ ਮਹਾਨਤਾ ਦਾ ਮਹੱਤਵ ਦੱਸਦਿਆਂ ਕਿਹਾ ਕਿ ਹਰ ਪ੍ਰਾਣੀ ਨੂੰ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ । ਖਾਲਸੇ ਦੇ ਜਨਮ ਦਿਵਸ ਨੂੰ ਸਮਰਪਿਤ ਹੋ ਰਹੇ ਇਟਲੀ ਭਰ ’ਚ ਅੰਮ੍ਰਿਤ ਸੰਚਾਰ, ਵਿਸ਼ਾਲ ਨਗਰ ਕੀਰਤਨ ਤੇ ਵਿਸ਼ਾਲ ਧਾਰਮਿਕ ਸਮਾਰੋਹ ਬਹੁਤ ਵਧੀਆ ਕਾਰਜ ਹਨ, ਜਿਨ੍ਹਾਂ ’ਚ ਹਰ ਪ੍ਰਾਣੀ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਅੰਮ੍ਰਿਤ ਸੰਚਾਰ ’ਚ ਗੁਰੂ ਵਾਲੇ ਬਣਨ ਵਾਲੇ ਸਿੰਘਾਂ ਲਈ ਕੱਕਾਰਾਂ ਦੀ ਸੇਵਾ ਯੂਨੀਅਨ ਸਿੱਖ ਇਟਲੀ ਵੱਲੋਂ ਕੀਤੀ ਗਈ। ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਨੇ ਅੰਮ੍ਰਿਤ ਦੀ ਦਾਤ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।