ਟਰੰਪ ਦੀਆਂ ਨੀਤੀਆਂ ਤੋਂ ਅਮਰੀਕੀ ਵੀ ਆਏ ਤੰਗ, ਸੋਸ਼ਲ ਮੀਡੀਆ ''ਤੇ ਕੱਢ ਰਹੇ ਭੜਾਸ
Tuesday, Apr 08, 2025 - 02:50 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਰੈਸੀਪ੍ਰੋਕਲ ਟੈਰਿਫ਼ ਮਗਰੋਂ ਪੂਰੀ ਦੁਨੀਆ 'ਚ ਹਾਹਾਕਾਰ ਮਚੀ ਹੋਈ ਹੈ। ਬਾਕੀ ਦੇਸ਼ ਹੀ ਨਹੀਂ, ਸਗੋਂ ਅਮਰੀਕਾ 'ਚ ਵੀ ਟਰੰਪ ਦੇ ਇਸ ਫ਼ੈਸਲੇ ਦੀ ਕਾਫ਼ੀ ਅਲੋਚਨਾ ਕੀਤੀ ਜਾ ਰਹੀ ਹੈ।
ਟਰੰਪ ਦੀ ਟੈਰਿਫ਼ ਨੀਤੀ ਦੇ ਖ਼ਿਲਾਫ਼ ਗੁੱਸੇ 'ਚ ਆਏ ਲੋਕ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਭੜਾਸ ਕੱਢ ਰਹੇ ਹਨ। ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਪਾ ਕੇ ਜਿਤਾਇਆ ਹੈ, ਉਹੀ ਹੁਣ ਉਸ ਦੇ ਖ਼ਿਲਾਫ਼ ਬੋਲ ਰਹੇ ਹਨ। ਐਕਸ 'ਤੇ ਪੋਸਟ ਕਰਦਿਆਂ ਟੈਮੀ ਨਾਂ ਦੇ ਵਿਅਕਤੀ ਨੇ ਲਿਖਿਆ, ''ਮੈਂ ਤੁਹਾਨੂੰ ਵੋਟ ਪਾਈ। ਪਰ ਹੁਣ ਮੈਂ 60 ਸਾਲ ਦੀ ਹੋ ਗਈ ਹਾਂ ਤੇ ਰਿਟਾਇਰ ਹੋ ਚੁੱਕੀ ਹਾਂ ਤੇ ਤੁਹਾਡੀਆਂ ਨੀਤੀਆਂ ਮੈਨੂੰ ਪਰੇਸ਼ਾਨ ਕਰ ਰਹੀਆਂ ਹਨ। ਤੁਸੀਂ ਭਵਿੱਖ ਦੀ ਖ਼ਾਤਰ ਸਾਡਾ 'ਅੱਜ' ਦਾਅ 'ਤੇ ਲਗਾ ਦਿੱਤਾ ਹੈ, ਜਿਸ ਕਾਰਨ ਮੈਂ ਤੇ ਮੇਰਾ ਪਰਿਵਾਰ ਬਰਬਾਦ ਹੋਣ ਕੰਢੇ ਪਹੁੰਚ ਗਏ ਹਾਂ।''
ਇਕ ਮੌਰੀਨ ਨਾਂ ਦੇ ਯੂਜ਼ਰ ਨੇ ਵੀ ਪੋਸਟ ਕਰਦਿਆਂ ਲਿਖਿਆ, ''ਡੋਨਾਲਡ ਟਰੰਪ ਤੇ ਐਲਨ ਮਸਕ, ਮਾਰਕੀਟ ਬੁਰੀ ਤਰ੍ਹਾਂ ਹੇਠਾਂ ਡਿੱਗ ਰਹੀ ਹੈ। ਤੁਹਾਨੂੰ ਵੋਟਾਂ ਪਾਉਣ ਵਾਲੇ ਲੋਕਾਂ ਨਾਲ ਹੀ ਤੁਸੀਂ ਇਹ ਕਿਵੇਂ ਕਰ ਸਕਦੇ ਹੋ ? ਮੈਂ ਖ਼ੁਦ ਵੀ ਡਰੀ ਹੋਈ ਹਾਂ ਕਿ ਸਵੇਰੇ ਉੱਠੀ ਤਾਂ ਕੀ ਮੇਰੇ ਕੋਲ ਕੁਝ ਬਚਿਆ ਹੋਵੇਗਾ ਜਾਂ ਨਹੀਂ ? ਤੁਸੀਂ ਮਿਡਲ ਕਲਾਸ ਲੋਕਾਂ ਨਾਲ ਇਹ ਕਿਵੇਂ ਕਰ ਸਕਦੇ ਹੋ ?
ਇਕ ਰੌਨ ਹਾਰਟ ਨਾਂ ਦੇ ਵਿਅਕਤੀ ਨੇ ਵੀ ਪੋਸਟ ਕਰਦੇ ਹੋਏ ਕਿਹਾ, ''ਮੈਂ ਆਪਣੀ ਪੂਰੀ ਜ਼ਿੰਦਗੀ ਕੰਮ ਕਰ ਕੇ ਕੁਝ ਰਕਮ ਜੋੜੀ ਸੀ ਤੇ ਹੁਣ ਤੁਹਾਡੀਆਂ ਨੀਤੀਆਂ ਨਾਲ ਤੁਸੀਂ ਮੇਰੇ ਕੋਲੋਂ ਉਹ ਵੀ ਖੋਹ ਲੈਣਾ ਚਾਹੁੰਦੇ ਹੋ ?''
ਇਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਬਦਲਾਅ ਲਈ ਟਰੰਪ ਨੂੰ ਵੋਟ ਪਾ ਕੇ ਜਿਤਾਇਆ ਸੀ, ਪਰ ਉਨ੍ਹਾਂ ਨੇ ਕਦੇ ਅਜਿਹੇ ਬਦਲਾਅ ਦੀ ਉਮੀਦ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਅੱਗੇ ਸਮਰਥਨ ਨਹੀਂ ਦੇ ਸਕਦੇ। ਇਕ ਨੇ ਕਿਹਾ ਕਿ ਅਸੀਂ ਤੁਹਾਨੂੰ ਬਹੁਤ ਉਤਸ਼ਾਹਿਤ ਹੋ ਕੇ ਵੋਟਾਂ ਪਾਈਆਂ ਸੀ, ਪਰ ਤੁਹਾਡੇ ਇਸ ਟੈਰਿਫ਼ ਦੇ ਐਲਾਨ ਨੇ ਸਾਡਾ ਉਤਸ਼ਾਹ ਖ਼ਤਮ ਕਰ ਦੱਤਾ ਹੈ। ਇਕ ਨੇ ਤਾਂ ਟਰੰਪ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੀਆਂ ਨੀਤੀਆਂ ਕਾਰਨ ਸ਼ੇਅਰ ਮਾਰਕੀਟ ਮੂਧੇ ਮੂੰਹ ਡਿੱਗ ਗਈ ਹੈ। ਤੁਹਾਨੂੰ ਵੋਟ ਪਾਉਣਾ ਸਾਡੀ ਸਭ ਤੋਂ ਵੱਡੀ ਗਲਤੀ ਸੀ।
ਇਹ ਵੀ ਪੜ੍ਹੋ- ਟਰੇਨ 'ਚ ਕਰਦੇ ਹੋ ਸਫ਼ਰ ਤਾਂ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ ਇਹ ਖ਼ਬਰ, GRP ਨੇ ਖ਼ੁਦ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e