ਅਕਤੂਬਰ ਨੂੰ ''ਹਿੰਦੂ ਵਿਰਾਸਤੀ ਮਹੀਨੇ'' ਵਜੋਂ ਮਨਾ ਰਹੇ ਹਨ ਅਮਰੀਕੀ

10/26/2021 11:17:12 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਲੋਕ ਅਕਤੂਬਰ ਨੂੰ 'ਹਿੰਦੂ ਵਿਰਾਸਤੀ ਮਹੀਨੇ' ਵਜੋਂ ਮਨਾ ਰਹੇ ਹਨ ਅਤੇ ਦੇਸ਼ ਦੇ 50 ਵਿੱਚੋਂ 20 ਤੋਂ ਵੱਧ ਰਾਜਾਂ ਅਤੇ 40 ਤੋਂ ਵੱਧ ਸ਼ਹਿਰਾਂ ਨੇ ਇਸ ਬਾਰੇ ਐਲਾਨ ਕੀਤੇ ਹਨ। ਭਾਈਚਾਰੇ ਦੇ ਆਗੂਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿੱਚ ਹਿੰਦੂ ਸਮੂਹਾਂ ਦੀ ਇਸ ਪਹਿਲਕਦਮੀ ਦਾ ਚੁਣੇ ਹੋਏ ਨੁਮਾਇੰਦਿਆਂ ਨੇ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਨੇ ਅਮਰੀਕਾ ਵਿੱਚ ਇਸ ਘੱਟ ਗਿਣਤੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਐਲਾਨ ਅਤੇ ਨੋਟੀਫਿਕੇਸ਼ਨ ਜਾਰੀ ਕੀਤੇ ਹਨ। 

ਇਕ ਮੀਡੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਵੇਂ ਕਿ ਦੁਨੀਆ ਭਰ ਦੇ ਹਿੰਦੂ ਅਕਤੂਬਰ ਦੇ ਨੇੜੇ ਨਵਰਾਤਰੀ, ਦੁਸਹਿਰਾ, ਦੁਰਗਾ ਪੂਜਾ ਅਤੇ ਦੀਵਾਲੀ ਮਨਾਉਂਦੇ ਹਨ, ਇਸ ਲਈ ਅਮਰੀਕਾ ਸਥਿਤ ਕਈ ਹਿੰਦੂ ਸੰਗਠਨਾਂ ਨੇ ਇਸ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਯੋਗਾ ਤੋਂ ਲੈ ਕੇ ਭੋਜਨ ਤੱਕ, ਤਿਉਹਾਰਾਂ ਤੋਂ ਦਾਨ ਤੱਕ, ਨਾਚ ਤੋਂ ਸੰਗੀਤ ਤੱਕ, ਅਤੇ ਅਹਿੰਸਾ ਤੋਂ ਲੈ ਕੇ ਡੂੰਘੇ ਦਰਸ਼ਨ ਤੱਕ, ਇਹਨਾਂ ਹਿੰਦੂ ਤਰੀਕਿਆਂ ਨੇ ਅਮਰੀਕਾ ਵਿੱਚ ਹਰ ਕਿਸੇ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ ਰਾਜਾਂ ਨੇ ਹਿੰਦੂ ਵਿਰਾਸਤੀ ਮਹੀਨੇ ਵਜੋਂ ਨੋਟੀਫਿਕੇਸ਼ਨ ਜਾਰੀ ਕੀਤੇ ਹਨ, ਇਹਨਾਂ ਵਿੱਚ ਟੈਕਸਾਸ, ਓਹੀਓ, ਨਿਊ ਜਰਸੀ, ਮੈਸਾਚੁਸੇਟਸ, ਜਾਰਜੀਆ, ਫਲੋਰੀਡਾ, ਮਿਨੀਸੋਟਾ, ਵਰਜੀਨੀਆ, ਨੇਵਾਡਾ, ਮਿਸੀਸਿਪੀ, ਡੇਲਾਵੇਅਰ, ਉੱਤਰੀ ਕੈਰੋਲੀਨਾ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਹੈਂਪਸ਼ਾਇਰ, ਕਨੈਕਟੀਕਟ, ਵਿਸਕਾਨਸਿਨ, ਮਿਸੌਰੀ, ਇੰਡੀਆਨਾ ਅਤੇ ਮਿਸ਼ੀਗਨ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਹੁਣ ਅਗਲੇ ਸਾਲ ਦੁੱਗਣੇ ਉਤਸ਼ਾਹ ਨਾਲ ਹੋਣਗੀਆਂ ਨਿਊਜ਼ੀਲੈਂਡ ਸਿੱਖ ਖੇਡਾਂ

ਹਿੰਦੂ ਆਗੂ ਬਿੰਦੂ ਪਟੇਲ ਨੇ ਭਾਈਚਾਰੇ ਦੀ ਸ਼ਲਾਘਾ ਕਰਨ ਅਤੇ ਹਿੰਦੂ ਵਿਰਾਸਤੀ ਮਹੀਨੇ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਹਿੰਦੂ ਸਵੈਮ ਸੇਵਕ ਸੰਘ (ਐਚ.ਐਸ.ਐਸ.) ਸਥਾਨਕ ਧਾਰਮਿਕ ਭਾਈਚਾਰੇ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਸਮਾਜ ਨੂੰ ਕੁਝ ਦੇਣ ਦੀ ਭਾਵਨਾ ਨਾਲ ਦੀਵਾਲੀ ਦੇ ਤਿਉਹਾਰ ਨੂੰ "ਸੇਵਾ ਦੀਵਾਲੀ-ਭੋਜਨ ਮੁਹਿੰਮ" ਵਜੋਂ ਮਨਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੀਵਾਲੀ ਨਵੰਬਰ ਦੇ ਪਹਿਲੇ ਹਫ਼ਤੇ ਹੈ। ਇਸ ਲਈ, ਇਹ ਉਮੀਦ ਕੀਤੀ ਜਾਂਦੀ ਹੈ ਕਿ ਹਿੰਦੂ ਵਿਰਾਸਤੀ ਮਹੀਨਾ ਕੁਦਰਤੀ ਤੌਰ 'ਤੇ ਕੁਝ ਹੋਰ ਹਫ਼ਤਿਆਂ ਲਈ ਵਧਾਇਆ ਜਾਵੇਗਾ।

ਨੋਟ- ਅਮਰੀਕੀ ਲੋਕਾਂ ਵੱਲੋਂ ਅਕਤੂਬਰ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨਾਉਣ 'ਤੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News