ਅਮਰੀਕੀ ਵਿਗਿਆਨੀਆਂ ਦੀ ਚੇਤਾਵਨੀ, ਕੋਰੋਨਾ ਵੈਕਸੀਨ ਦੀ ਸਿਰਫ ਇਕ ਡੋਜ਼ ਨਾਲ ਬਚਾਅ ਮੁਸ਼ਕਲ
Monday, Aug 31, 2020 - 06:09 PM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਵੈਕਸੀਨ ਸਬੰਧੀ ਅਮਰੀਕਾ ਦੇ ਵਿਗਿਆਨੀਆਂ ਨੇ ਨਵਾਂ ਦਾਅਵਾ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕੀ ਵਿਗਿਆਨੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕੋਰੋਨਾ ਨਾਲ ਲੜਨ ਲਈ ਵੈਕਸੀਨ ਦੀ ਸਿਰਫ ਇਕ ਡੋਜ਼ ਕਾਫੀ ਨਹੀਂ ਹੋਵੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਾਇਰਸ ਤੋਂ ਬਚਣ ਲਈ 2 ਡੋਜ਼ ਦੀ ਲੋੜ ਪੈ ਸਕਦੀ ਹੈ ਅਤੇ ਇਹੀ ਸਭ ਤੋਂ ਵੱਡੀ ਚੁਣੌਤੀ ਹੈ। ਵੈਂਡਰਬਿਲਟ ਯੂਨੀਵਰਸਿਟੀ ਦੀ ਹੈਲਥ ਪਾਲਿਸੀ ਪ੍ਰੋਫੈਸਰ ਡਾਕਟਰ ਕੇਲੀ ਮੂਰ ਨੇ ਕਿਹਾ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਵੇਗਾ। ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੋਵੇਗਾ। ਇਸ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ।
ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵੈਕਸੀਨ ਨੂੰ ਬਾਜ਼ਾਰ ਤੱਕ ਲਿਆਉਣ ਲਈ 'ਆਪਰੇਸ਼ਨ ਵਾਰਪ ਸਪੀਡ' ਚੱਲ ਰਿਹਾ ਹੈ। ਇਸ ਦੇ ਤਹਿਤ ਛੇ ਫਾਰਮਾਸੂਟੀਕਲ ਕੰਪਨੀਆਂ ਨੂੰ ਰਾਸ਼ੀ ਦਿੱਤੀ ਗਈ ਹੈ। ਇਹਨਾਂ ਵਿਚੋਂ ਦੋ ਕੰਪਨੀਆਂ ਮੋਡਰਨਾ ਅਤੇ ਫਾਈਜ਼ਰ ਹਨ, ਜਿਹਨਾਂ ਦੇ ਵੈਕਸੀਨ ਫੇਜ਼-3 ਟ੍ਰਾਇਲ 'ਤੇ ਹਨ। ਦੋਵੇਂ ਕੰਪਨੀਆਂ 30 ਹਜ਼ਾਰ ਵਾਲੰਟੀਅਰਾਂ ਨੂੰ ਵੈਕਸੀਨ ਦੀ 2 ਡੋਜ਼ ਦੇ ਰਹੀਆਂ ਹਨ। ਮੋਡਰਨਾ 28 ਦਿਨ ਦੇ ਬਾਅਦ ਤਾਂ ਫਾਈਜ਼ਰ 21 ਦਿਨ ਦੇ ਬਾਅਦ ਦੂਜੀ ਡੋਜ਼ ਦੇਵੇਗੀ। ਐਸਟ੍ਰੇਜੇਨੇਕਾ ਇਸ ਮਹੀਨੇ ਫੇਜ਼-3 ਟ੍ਰਾਇਲ ਨੂੰ ਸ਼ੁਰੂ ਕਰ ਸਕਦੀ ਹੈ। ਇਸ ਦੇ ਫੇਜ਼-1 ਅਤੇ ਫੇਜ਼-2 ਟ੍ਰਾਇਲ ਦੇਦੌ ਰਾਨ ਦੋ ਡੋਜ਼ 28 ਦਿਨਾਂ ਦੇ ਦੌਰਾਨ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, ਆਕਲੈਂਡ ਨੇ ਪਾਬੰਦੀਆਂ 'ਚ ਦਿੱਤੀ ਢਿੱਲ
ਨੋਵਾਵੈਕਸ ਨੇ ਹਾਲੇ ਫੇਜ਼-3 ਟ੍ਰਾਇਲ ਨੂੰ ਸ਼ੁਰੂ ਕਰਨਾ ਹੈ ਪਰ ਇਸ ਨੇ ਪਹਿਲੇ ਟ੍ਰਾਇਲਾਂ ਵਿਚ ਵਾਲੰਟੀਅਰਾਂ ਨੂੰ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਸਨ। ਜਾਨਸਨ ਐਂਡ ਜਾਨਸਨ ਦੇ ਫੇਜ਼-3 ਟ੍ਰਾਇਲ ਵਿਚ ਕੁਝ ਲੋਕਾਂ ਨੂੰ ਇਕ ਡੋਜ਼ ਦਿੱਤੀ ਜਾਵੇਗੀ ਅਤੇ ਉੱਥੇ ਕੁਝ ਨੂੰ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਜਾਣਗੀਆਂ। ਦੂਜੇ ਪਾਸੇ, ਸਾਨੋਫੀ ਨੇ ਹਾਲੇ ਤੱਕ ਇਸ ਗੱਲ ਦੀ ਘੋਸ਼ਣਾ ਨਹੀਂ ਕੀਤੀ ਹੈ ਕਿ ਉਹ ਵਾਲੰਟੀਅਰਾਂ ਨੂੰ ਵੈਕਸੀਨ ਦੀ ਇਕ ਡੋਜ਼ ਦੇਵੇਗਾ ਜਾਂ ਦੋ। ਗੌਰਤਲਬ ਹੈ ਕਿ ਵਰਤਮਾਨ ਵਿਚ ਦੁਨੀਆ ਭਰ ਵਿਚ ਟੈਸਟਿੰਗ ਕਿੱਟ, ਪੀ.ਪੀ.ਈ. ਕਿੱਟ ਅਤੇ ਦੂਜੀਆਂ ਜ਼ਰੂਰੀ ਚੀਜ਼ਾਂ ਦੀ ਕਮੀ ਹੈ। ਇਸ ਦੇ ਇਲਾਵਾ ਦੋ ਵਾਰ ਟੀਕਾਕਰਨ ਦਾ ਪ੍ਰੋਗਰਾਮ ਚਲਾਉਣਾ ਦੁਨੀਆ ਭਰ ਦੇ ਦੇਸ਼ਾਂ ਦੇ ਸਾਹਮਣੇ ਇਕ ਵੱਡੀ ਚੁਣੌਤੀ ਬਣ ਕੇ ਉਭਰੇਗਾ।