ਅਮਰੀਕੀ ਪ੍ਰਤਿਨਿੱਧੀ ਸਭਾ ''ਚ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਪੇਸ਼
Saturday, Oct 21, 2017 - 12:39 PM (IST)
ਵਾਸ਼ਿੰਗਟਨ(ਭਾਸ਼ਾ)— ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਅਮਰੀਕੀ ਪ੍ਰਤਿਨਿੱਧੀ ਸਭਾ 'ਚ ਦੀਵਾਲੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਇਕ ਪ੍ਰਸਤਾਵ ਪੇਸ਼ ਕੀਤਾ। ਇਹ ਪ੍ਰਸਤਾਵ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ ਅਤੇ ਇਸ ਦਾ ਸਮਰਥਨ 5 ਹੋਰ ਸੰਸਦ ਮੈਂਬਰਾਂ ਨੇ ਵੀ ਕੀਤਾ। ਪ੍ਰਮਿਲਾ ਜਯਪਾਲ, ਰੋ ਖੰਨਾ, ਤੁਲਸੀ ਗਬਾਰਡ, ਐਮੀ ਬੇਰਾ ਅਤੇ ਜੋਏ ਕਰਾਉਲੇ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਪ੍ਰਸਤਾਵ ਨੂੰ ਜਰੂਰੀ ਕਾਰਵਾਈ ਲਈ ਸਦਨ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਬੇਰੀ, ਜਯਪਾਲ ਅਤੇ ਖੰਨਾ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਹਨ। ਉਥੇ ਹੀ ਗਬਾਰਡ ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਸੰਸਦ ਮੈਂਬਰ ਹਨ ਅਤੇ ਕਰਾਉਲੇ ਚੋਟੀ ਦੇ ਡੈਮੋਕਰੇਟਿਕ ਦੇ ਸੰਸਦ ਮੈਂਬਰ ਹਨ। ਕ੍ਰਿਸ਼ਣਮੂਰਤੀ ਨੇ ਕਿਹਾ,''ਲੱਖਾਂ ਭਾਰਤੀ-ਅਮਰੀਕੀ ਲੋਕਾਂ ਲਈ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਸਵੀਕਾਰ ਕਰਨ ਵਾਲੇ ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਿਚ ਮੈਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।''
