ਅਫ਼ਗਾਨਿਸਤਾਨ ''ਚ ਕਿਸੇ ਵੀ ਸਥਾਈ ਹੱਲ ''ਚ ਸ਼ਾਮਲ ਹੋਵੇ ਪਾਕਿਸਤਾਨ : ਅਮਰੀਕੀ ਸਾਂਸਦ
Saturday, Aug 28, 2021 - 02:24 PM (IST)
ਵਾਸ਼ਿੰਗਟਨ- ਅਫ਼ਗਾਨਿਸਤਾਨ 'ਚ ਕਿਸੇ ਵੀ ਸਥਾਈ ਹੱਲ 'ਚ ਪਾਕਿਸਤਾਨ ਯਕੀਨੀ ਤੌਰ 'ਤੇ ਸ਼ਾਮਲ ਹੋਣਾ ਚਾਹੀਦਾ ਹੈ। ਇਕ ਸੀਨੀਅਰ ਰਿਪਬਲਿਕ ਸੰਸਦ ਮੈਂਬਰ ਨੇ ਇਹ ਗੱਲ ਗਹੀ। ਸੀਨੇਟਰ ਲਿੰਡਸੇ ਗ੍ਰਾਹਮ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਵੱਲ ਸਾਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਪ੍ਰਮਾਣੂ ਹਥਿਆਰ ਰੱਖਣ ਵਾਲਾ ਰਾਸ਼ਟਰ ਹੈ ਤੇ ਤਾਲਿਬਾਨ ਦਾ ਇਕ ਪਾਕਿਸਤਾਨ ਸੰਸਕਰਣ (ਵਰਜ਼ਨ) ਵੀ ਹੈ ਜੋ ਪਾਕਿਸਤਾਨ ਸਰਕਾਰ ਤੇ ਫ਼ੌਜ ਨੂੰ ਡਿਗਾਉਣਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਸਮੱਸਿਆ ਦੇ ਕਿਸੇ ਵੀ ਹੱਲ 'ਚ ਪਾਕਿਸਤਾਨ ਸ਼ਾਮਲ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਹ 'ਬਹੁਤ ਖ਼ਤਰਨਾਕ' ਸਮਾਂ ਹੈ। ਆਮ ਤੌਰ 'ਤੇ ਪਾਕਿਸਤਾਨੀ ਤਾਲਿਬਾਨ ਦੇ ਨਾਂ ਨਾਲ ਜਾਣਿਆ ਜਾਣ ਵਾਲਾ, ਟੀ. ਟੀ. ਪੀ. ਅਫ਼ਗਾਨ-ਪਾਕਿਸਤਾਨ ਸਰਹੱਦ ਤੋਂ ਸੰਚਾਲਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ। ਇਸ ਨੇ ਪੂਰੇ ਪਾਕਿਸਤਾਨ 'ਚ ਕਈ ਵੱਡੇ-ਵੱਡੇ ਹਮਲੇ ਕੀਤੇ ਹਨ ਤੇ ਕਥਿਤ ਤੌਰ 'ਤੇ ਉਸ ਦੇਸ਼ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰੱਚਣ ਲਈ ਅਫ਼ਗਾਨ ਧਰਤੀ ਦਾ ਇਸਤੇਮਾਲ ਕਰਦਾ ਰਿਹਾ ਹੈ। ਕਾਬੁਲ 'ਤੇ ਕਬਜ਼ਾ ਕਰਨ ਦੇ ਬਾਅਦ ਅਫ਼ਗਾਨਿਸਤਾਨ 'ਚ ਤਾਲਿਬਾਨ ਵੱਲੋਂ ਕਈ ਕੱਟੜ ਟੀ. ਟੀ. ਪੀ. ਅੱਤਵਾਦੀਆਂ ਨੂੰ ਕਥਿਤ ਤੌਰ 'ਤੇ ਰਿਹਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਾਹਮ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ, ਸਾਡੇ ਸਹਿਯੋਗੀਆਂ ਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਕੱਢਣ 'ਚ ਸਹਾਇਤਾ ਕਰਨ ਲਈ ਅਸੀਂ ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਬਹੁਤ ਸ਼ਲਾਘਾ ਕਰਦੇ ਹਾਂ।