ਘੱਟ ਗਿਣਤੀ ਦੇ ਨਾਲ ਪਾਕਿ ਸਰਕਾਰ ਕਰੇ ਸਮਾਨਤਾ ਦਾ ਵਿਵਹਾਰ : ਅਮਰੀਕੀ ਸੰਸਦ ਮੈਂਬਰ
Friday, Sep 07, 2018 - 01:56 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਧਾਰਮਿਕ ਘੱਟ ਗਿਣਤੀ ਦੇ ਨਾਲ ਸਮਾਨਤਾ ਦਾ ਅਤੇ ਇੱਜ਼ਤ ਵਾਲਾ ਵਿਵਹਾਰ ਕਰਨ ਦੀ ਅਪੀਲ ਕੀਤੀ। ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਦੱਖਣੀ ਏਸ਼ੀਆ ਘੱਟ ਗਿਣਤੀ ਅਲਾਇੰਸ ਫਾਊਂਡੇਸ਼ਨ ਅਤੇ ਵੌਇਸ ਆਫ ਕਰਾਚੀ (ਵੀ.ਓ.ਕੇ.) ਵੱਲੋਂ ਆਯੋਜਿਤ 'ਦੀ ਮਾਈਨੌਰੀਟੀਜ਼ ਡੇਅ ਆਨ ਦੀ ਹਿੱਲ' ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਇਮਰਾਨ ਖਾਨ ਦੀ ਸਰਕਾਰ ਨੂੰ ਕਰਾਚੀ ਦੇ ਨਾਲ-ਨਾਲ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀ ਦੇ ਨਾਲ ਮਨੁੱਖੀ ਅਧਿਕਾਰ ਉਲੰਘਣਾ ਨੂੰ ਰੋਕਣ ਦੀ ਅਪੀਲ ਕੀਤੀ।
ਅਮਰੀਕੀ ਕਾਂਗਰਸ ਦੇ ਮੈਂਬਰ ਥਾਮਸ ਗਾਰੇਟ ਜੂਨੀਅਰ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘੱਟ ਗਿਣਤੀ ਭਾਈਚਾਰਿਆਂ ਨਾਲ ਮਾਣ ਵਾਲਾ ਅਤੇ ਇੱਜ਼ਤ ਵਾਲਾ ਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ। ਉਨ੍ਹਾਂ ਨੇ ਕਿਹਾ,''ਮੈਂ ਮੁਹਾਜਿਰ ਲੋਕਾਂ ਦੀ ਬੁਰੀ ਹਾਲਤ ਸਮਝਦਾ ਹਾਂ, ਜੋ ਆਜ਼ਾਦੀ ਦੇ ਬਾਅਦ ਨਸਲੀ ਸਫਾਈ ਦੇ ਸ਼ਿਕਾਰ ਬਣੇ। ਉਨ੍ਹਾਂ ਨੂੰ ਇਸ ਆਸ ਨਾਲ ਘਰ ਛੱਡਣਾ ਪਿਆ ਕਿ ਜਿੱਥੇ ਉਹ ਜਾਣਗੇ ਉੱਥੇ ਉਨ੍ਹਾਂ ਦਾ ਸਵਾਗਤ ਹੋਵੇਗਾ ਪਰ ਅਜਿਹਾ ਨਹੀਂ ਹੋਇਆ।'' ਕਾਂਗਰਸ ਮੈਂਬਰ ਸਕੌਟ ਪੇਰੀ ਨੇ ਕਿਹਾ,''ਅਸੀਂ ਅਮਰੀਕਾ ਵਿਚ ਸਾਰੀਆਂ ਨਸਲੀ ਅਤੇ ਘੱਟ ਗਿਣਤੀਆਂ ਨਾਲ ਸਮਾਨਤਾ ਦਾ ਵਿਵਹਾਰ ਕਰਦੇ ਹਾਂ ਅਤੇ ਅਸੀਂ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਸਾਰੇ ਇਕੱਠੇ ਮਿਲ ਕੇ ਰਹਿ ਸਕਦੇ ਹਾਂ।''
ਕਾਂਗਰਸ ਦੇ ਇਕ ਹੋਰ ਮੈਂਬਰ ਐਂਡੀ ਹੈਰਿਸ ਨੇ ਕਿਹਾ,''ਆਪਣੇ ਧਰਮ ਦੀ ਪਾਲਣਾ ਕਰਨਾ ਇਕ ਮੌਲਿਕ ਮਨੁੱਖੀ ਅਧਿਕਾਰ ਹੈ ਅਤੇ ਮਨੁੱਖ ਦੇ ਤੌਰ 'ਤੇ ਸਾਨੂੰ ਇਸ ਅਧਿਕਾਰ ਨੂੰ ਸ਼ੇਅਰ ਕਰਨ ਚਾਹੀਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਦੁਨੀਆ ਦੇ ਕਿਸ ਹਿੱਸੇ ਵਿਚ ਰਹਿੰਦੇ ਹਾਂ ਜਾਂ ਅਸੀਂ ਕਿਸ ਨਸਲ ਜਾਂ ਧਾਰਮਿਕ ਸਮੂਹ ਨਾਲ ਸਬੰਧ ਰੱਖਦੇ ਹਾਂ। ਸਾਡੇ ਕੋਲ ਸ਼ਾਂਤੀਪੂਰਣ ਤਰੀਕੇ ਨਾਲ ਰਹਿਣ ਅਤੇ ਮੌਲਿਕ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ।''