ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਅਦਾਲਤ ਨੇ ਟਿਕਟੌਕ ਦੇ ਬੈਨ ’ਤੇ ਲਗਾਈ ਰੋਕ
Saturday, Oct 31, 2020 - 03:53 PM (IST)
ਵਾਸ਼ਿੰਗਟਨ– ਇਕ ਅਮਰੀਕੀ ਅਦਾਲਤ ਨੇ ਲੋਕਪ੍ਰਸਿੱਧ ਚੀਨੀ ਐਪ ਟਿਕਟੌਕ ਨੂੰ ਬੈਨ ਕਰਨ ਦੇ ਟਰੰਪ ਸਰਕਾਰ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਇਹ ਰੋਕ ਪੈਂਸਲਵੇਨੀਆ ਕਾਮੇਡੀਅਨ ਅਤੇ ਹੋਰ ਦੋ ਟਿਕਟੌਕ ਯੂਜ਼ਰਸ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਲਗਾਈ ਹੈ। ਪੈਂਸਲਵੇਨੀਆ ਕਾਮੇਡੀਅਨ ਅਤੇ ਹੋਰ ਦੋ ਨੇ ਟਰੰਪ ਦੇ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਟਿਕਟੌਕ ਨੂੰ ਬੈਨ ਕਰਨਾ ਉਨ੍ਹਾਂ ਦੇ ਮੁਕਤ ਹੋ ਕੇ ਬੋਲਣ ਦੀ ਆਜ਼ਾਦੀ ਦੇ ਖਿਲਾਫ uw।
ਸ਼ੁੱਕਰਵਾਰ ਨੂੰ ਅਮਰੀਕੀ ਸੰਘੀ ਜੱਜ ਵੈਂਡੀ ਵੀਟਲਸਟੋਨ ਨੇ ਅਗਲੇ ਹੁਕਮ ਤਕ ਵਾਣਜਿਕ ਵਿਭਾਗ ਵਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਵਾਣਜਿਕ ਵਿਭਾਗ ਅਗਲੇ ਕੁਝ ਦਿਨਾਂ ’ਚ ਟਿਕਟੌਕ ’ਤੇ ਰੋਕ ਲਗਾਉਣ ਦੇ ਸਬੰਧ ’ਚ ਮਹੱਤਵਪੂਰਨ ਕਦਮ ਚੁੱਕਣ ਵਾਲੀ ਸੀ। ਦੱਸ ਦੇਈਏ ਕਿ ਟਰੰਪ ਸਰਕਾਰ ਨੇ ਚੀਨੀ ਕੰਪਨੀ ਬਾਈਟਡਾਂਸ ਦੀ ਡਾਊਟਰ ਕੰਪਨੀ ਟਿਕਟੌਕ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਟਰੰਪ ਸਰਕਾਰ ਦਾ ਕਹਿਣਾ ਹੈ ਕਿ ਟਿਕਟੌਕ ਦੁਆਰਾ ਯੂਜ਼ਰਸ ਦੇ ਡਾਟਾ ਨੂੰ ਚੋਰੀ ਅਤੇ ਜਾਸੂਸੀ ਕਰਨ ਦੀ ਪੂਰੀ ਸੰਭਾਵਨਾ ਹੈ। ਇਸੇ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਵਲੋਂ ਟਿਕਟੌਕ ਨੂੰ ਬੈਨ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ ਨੂੰ 12 ਨਵੰਬਰ ਨੂੰ ਲਾਗੂ ਕਰਨ ਲਈ ਤੈਅ ਕੀਤਾ ਗਿਆ ਸੀ ਪਰ ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ 12 ਨਵੰਬਰ ਨੂੰ ਟਿਕਟੌਕ ’ਤੇ ਬੈਨ ਨਹੀਂ ਲੱਗ ਸਕੇਗਾ।
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਿਕਟੌਕ ਬੈਨ ਕਰਨ ਨੂੰ ਲੈ ਕੇ ਟਰੰਪ ਸਰਕਾਰ ਵਲੋਂ ਲਏ ਗਏ ਫੈਸਲੇ ਨੂੰ ਅਦਾਲਤ ਨੇ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਅਮਰੀਕੀ ਸੰਘੀ ਜੱਜ ਨੇ ਰਾਸ਼ਟਰਪਤੀ ਟਰੰਪ ਦੇ ਟਿਕਟੌਕ ਬੈਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਮਰੀਕਾ ’ਚ ਟਿਕਟੌਕ ਦੇ ਕਰੀਬ 100 ਮਿਲੀਅਨ (ਕਰੀਬ 10 ਕਰੋੜ) ਯੂਜ਼ਰਸ ਹਨ।